ਜੇਐੱਨਐੱਨ, ਮੋਹਾਲੀ : ਪੰਜਾਬੀ ਗਾਇਕ ਰੰਧਾਵਾ ਬ੍ਰਦਰਜ਼ ਨੂੰ ਜਾਨੋਂ ਮਾਰਨ ਦੀ ਕਸਮ ਨੂੰ ਅੰਜਾਮ ਦੇਣ ਕੈਨੇਡਾ ਤੋਂ ਪੰਜਾਬ ਪਹੁੰਚੇ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ਨੂੰ ਰੰਧਾਵਾ ਬ੍ਰਦਰਜ਼ ਦੇ ਪੂਰਬ ਅਪਾਰਟਮੈਂਟ ਸਥਿਤ ਘਰ ਨੇੜਿਓਂ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਕਰੀਬ ਸਾਢੇ 7 ਵਜੇ ਗਾਇਕ ਐਲੀ ਮਾਂਗਟ ਨੂੰ ਫੜਨ ਗਈ ਮੋਹਾਲੀ ਪੁਲਿਸ ਦੀਆਂ ਦੋ ਟੀਮਾਂ ਨੂੰ ਚਕਮਾ ਦੇਣ 'ਚ ਉਹ ਕਾਮਯਾਬ ਰਿਹਾ। ਕਿਸੇ ਤਰ੍ਹਾਂ ਉਹ ਖਰੜ (ਮੋਹਾਲੀ) ਪੁੱਜਾ।

ਮਾਂਗਟ ਨੂੰ ਉਸ ਦੇ ਸਾਥੀਆਂ ਰਾਹੀਂ ਇਸ ਗੱਲ ਦੀ ਭਿਣਕ ਲੱਗ ਗਈ ਸੀ ਕਿ ਰੰਧਾਵਾ ਬ੍ਰਦਰਜ਼ ਦੇ ਸੈਕਟਰ-88 ਪੂਰਬ ਪ੍ਰੀਮੀਅਮ ਅਪਾਰਟਮੈਂਟ ਸਥਿਤ ਘਰ ਦੇ ਬਾਹਰ ਪੁਲਿਸ ਖੜ੍ਹੀ ਹੈ। ਇਸ ਉਪਰੰਤ ਉਸ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਇਕ ਹੋਰ ਵੀਡੀਓ ਵਾਇਰਲ ਕੀਤੀ ਤੇ ਰੰਧਾਵਾ ਬ੍ਰਦਰਜ਼ ਨੂੰ ਚੈਲੰਜ ਕਰਦਿਆਂ ਕਿਹਾ,''ਆਹ ਲੈ ਚੱਕ ਮੈਂ ਆ ਗਿਆ...।'' ਉਧਰ ਕੁਝ ਹੀ ਮਿੰਟਾਂ 'ਚ ਰੰਮੀ ਰੰਧਾਵਾ ਨੇ ਲਾਈਵ ਹੋ ਕੇ ਜਵਾਬ ਦਿੱਤਾ। ਕਰੀਬ ਸਾਢੇ 8 ਵਜੇ ਐਲੀ ਮਾਂਗਟ ਆਪਣੇ ਸਾਥੀਆਂ ਨਾਲ ਸੈਕਟਰ-88 ਪੂਰਬ ਪ੍ਰੀਮੀਅਮ ਅਪਾਰਟਮੈਂਟ ਦਾ ਪਹਿਲਾ ਗੇਟ ਪਾਰ ਕਰ ਲਿਆ। ਦੂਜੇ ਗੇਟ 'ਤੇ ਸਕਿਓਰਿਟੀ ਗਾਰਡ ਨੇ ਉਸ ਨੂੰ ਰੋਕ ਲਿਆ। ਉਸੇ ਗੇਟ 'ਤੇ ਮਾਂਗਟ ਗੱਡੀ ਤੋਂ ਹੇਠਾਂ ਉਤਰਿਆ ਤੇ ਲਲਕਾਰੇ ਮਾਰਨ ਲੱਗਾ। ਉਥੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਅਨੁਸਾਰ ਰੰਧਾਵਾ ਬ੍ਰਦਰਜ਼ ਨੂੰ ਵੀ ਥਾਣੇ ਬੁਲਾਇਆ ਗਿਆ, ਜਿੱਥੇ ਬੰਦ ਕਮਰੇ 'ਚ ਦੋਵਾਂ ਧਿਰਾਂ ਤੋਂ ਦੇਰ ਰਾਤ ਤਕ ਪੁੱਛਗਿੱਛ ਕੀਤੀ ਜਾਂਦੀ ਰਹੀ। ਸੂਤਰਾਂ ਅਨੁਸਾਰ ਏਲੀ ਮਾਂਗਟ ਦੀ ਜ਼ਮਾਨਤ ਲਈ ਵਕੀਲ ਥਾਣੇ ਪੁੱਜ ਚੁੱਕੇ ਸਨ। ਡੀਐੱਸ ਪੀ ਰਮਨਦੀਪ ਨੇ ਦੱਸਿਆ ਕਿ ਏਲੀ ਮਾਂਗਟ ਨੇ ਥਾਣੇ 'ਚ ਖ਼ੁਦ ਸਰੰਡਰ ਕੀਤਾ। ਦੋਹਾਂ ਗਾਇਕਾਂ ਨੇ ਫੈਨ ਵੀ ਕਰੀਬ 250 ਦੀ ਗਿਣਤੀ 'ਚ ਉਥੇ ਮੌਜੂਦ ਸਨ, ਜਿਨ੍ਹਾਂ ਨੂੰ ਭਜਾਉਣ ਲਈ ਲਾਠੀ ਚਾਰਜ ਕਰਨਾ ਪਿਆ। ਸੋਹਾਣਾ ਪੁਲਿਸ ਨੇ ਰੰਮੀ ਰੰਧਾਵਾ, ਉਸ ਦੇ ਚਚੇਰੇ ਭਰਾ ਪ੍ਰਿੰਸ ਰੰਧਾਵਾ ਤੇ ਏਲੀ ਮਾਂਗਟ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਦੋਵਾਂ ਰੰਧਾਵਾਂ ਭਰਾਵਾਂ ਨੂੰ ਬੁੱਧਵਾਰ ਸਵੇਰੇ ਇਕ ਲੱਖ ਰੁਪਏ ਬਾਂਡ ਭਰਵਾ ਕੇ ਜ਼ਮਾਨਤ ਦੇ ਦਿੱਤੀ ਗਈ। ਹਾਲਾਂਕਿ ਪੁਲਿਸ ਨੇ ਦੇਰ ਸ਼ਾਮ ਰੰਧਾਵਾ ਭਰਾਵਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ।

Posted By: Amita Verma