ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ: ਰਾਜ ਸਿਖ਼ਲਾਈ ਸਿੱਖਿਆ ਅਤੇ ਖੋਜ ਸੰਸਥਾ, ਪੰਜਾਬ ਵੱਲੋਂ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ 2020-21 ਅਤੇ ਰਾਜ ਪੱਧਰੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ, 2020-21 ਦੀ ਰੂਪ-ਰੇਖਾ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਪੀਐੱਸਟੀਐੱਸਈ) 12 ਦਸੰਬਰ, 2020 ਦਿਨ ਸ਼ਨਿੱਚਰਵਾਰ ਨੂੰ ਲਈ ਜਾਵੇਗੀ। ਪੰਜਾਬ ਰਾਜ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਇਸ ਪ੍ਰੀਖਿਆ 'ਚ ਬੈਠ ਸਕਦੇ ਹਨ। ਇਸੇ ਤਰ੍ਹਾਂ ਨੈਸ਼ਨਲ ਮੀਨਜ਼ ਕਮ- ਮੈਰਿਟ ਸਕਾਲਰਸ਼ਿਪ (ਐੱਨਐੱਮਐੱਮਐੱਸ) ਪ੍ਰੀਖਿਆ 13 ਦਸੰਬਰ, 2020 ਦਿਨ ਐਤਵਾਰ ਨੂੰ ਲਈ ਜਾਵੇਗੀ। ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਲਈ ਸਿੱਖਿਆ ਮੰਤਰਾਲਾ, ਨਵੀਂ ਦਿੱਲੀ ਵੱਲੋਂ ਨਿਰਧਾਰਿਤ ਕੋਟੇ ਅਨੁਸਾਰ ਅੱਠਵੀਂ ਜਮਾਤ 'ਚ ਪੜ੍ਹਦੇ 2210 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਇਸ ਪ੍ਰੀਖਿਆ 'ਚ ਪੰਜਾਬ ਰਾਜ ਦੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਲੋਕਲ ਬਾਡੀਜ਼ ਸਕੂਲਾਂ ਦੇ ਅੱਠਵੀਂ ਜਮਾਤ 'ਚ ਪੜ੍ਹਦੇ ਉਹ ਵਿਦਿਆਰਥੀ ਬੈਠ ਸਕਦੇ ਹਨ, ਜਿਹਨਾਂ ਨੇ ਜਨਰਲ ਵਰਗ 'ਚ ਸੱਤਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ 'ਚੋਂ 55 ਫ਼ੀਸਦੀ ਅੰਕ ਜਾਂ ਇਸਦੇ ਬਰਾਬਰ ਗ੍ਰੇਡ ਅਤੇ ਰਾਖਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ 50 ਫ਼ੀਸਦੀ ਅੰਕ ਜਾਂ ਇਸਦੇ ਬਰਾਬਰ ਦਾ ਗ੍ਰੇਡ ਪ੍ਰਾਪਤ ਕੀਤਾ ਹੋਵੇ। ਦੋਹਾਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਫਾਰਮ ਸਕੂਲਾਂ ਵੱਲੋਂ ਸਿੱਖਿਆ ਵਿਭਾਗ ਦੀ ਵੈੱਬਸਾਈਟ 'ਤੇ ਸਕੂਲ ਲਾਗਇਨ ਅਨੁਸਾਰ 28 ਅਕਤੂਬਰ ਤੋਂ 15 ਨਵੰਬਰ 2020 ਤੱਕ ਭਰੇ ਜਾ ਸਕਦੇ ਹਨ। ਪ੍ਰੀਖਿਆਵਾਂ ਸਬੰਧੀ ਪੂਰੀ ਜਾਣਕਾਰੀ ਸਰਵ ਸਿੱਖਿਆ ਅਭਿਆਨ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Posted By: Jagjit Singh