ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ (ਮੋਹਾਲੀ) : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅਕਾਦਮਿਕ ਸਾਲ 2020-21 ਦੇ ਦਸਵੀਂ ਜਮਾਤ ਨਾਲ ਸਬੰਧਤ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰ ਲਿਆ ਹੈ। ਸੂਬੇ ਦੇ ਵੱਖ-ਵੱਖ ਸਰਕਾਰੀ/ ਨਿੱਜੀ ਸਕੂਲਾਂ ਦੇ ਤਕਰੀਬਨ ਸਾਢੇ 3 ਲੱਖ ਪ੍ਰੀਖਿਆਰਥੀਆਂ ਨੇ ਇਮਤਿਹਾਨਾਂ ਲਈ ਰਜਿਸਟੇ੍ਰਸ਼ਨ ਕਰਵਾਈ ਸੀ, ਜਿਨ੍ਹਾਂ ਨੂੰ ਸਕੂਲਾਂ ਵੱਲੋਂ ਪ੍ਰਾਪਤ ਵੇਰਵਿਆਂ ਦੇ ਆਧਾਰ ’ਤੇ ਨਤੀਜਾ ਕਾਰਡ ਦਿੱਤੇ ਜਾਣਗੇ। ਨਤੀਜਾ ਅਗਲੇ ਹਫ਼ਤੇ (ਸੋਮਵਾਰ ਜਾਂ ਮੰਗਲਵਾਰ) ਨੂੰ ਐਲਾਨਿਆ ਜਾਵੇਗਾ ਜਿਸ ਵਾਸਤੇ ਬੋਰਡ ਦੇ ਅਧਿਕਾਰੀ ਹਾਲੇ ਸਰਕਾਰੀ ਫੁਰਮਾਨ ਦੇ ਇੰਤਜ਼ਾਰ ’ਚ ਹਨ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਅਪ੍ਰੈਲ ਨੂੰ ਅੱਠਵੀਂ/ਦਸਵੀਂ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆਵਾਂ ਅਗਲੇਰੀਆਂ ਜਮਾਤਾਂ ’ਚ ਪ੍ਰਮੋਟ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਬੋਰਡ ਨੇ ਨਤੀਜਾ ਤਿਆਰ ਕਰਨ ਲਈ ਸਰਟੀਫ਼ਿਕੇਟ ਦੇ ਵੱਕਾਰ ਨੂੰ ਧਿਆਨ ’ਚ ਰੱਖਦਿਆਂ ਅਕਾਦਮਿਕ ਮਾਪ-ਦੰਡ ਅਪਣਾਏ ਹਨ।

ਪਤਾ ਲੱਗਾ ਹੈ ਕਿ ਨਤੀਜਾ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੇ ਨੰਬਰਾਂ ’ਚੋਂ ਅਨੁਪਾਤਕ ਅੰਕਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ ਜਿਸ ਵਾਸਤੇ ਸਕੂਲਾਂ ਪਾਸੋਂ ਥਿਊਰੀ ਤੇ ਇਨਟਰਨਲ ਅਸੈੱਸਮੈਂਟ ਦੇ ਵੇਰਵੇ ਮੰਗੇ ਸਨ। ਇਸ ਲਈ ਉਹ ਵਿਦਿਆਰਥੀ ਜਿਹੜੇ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ’ਚ ਚੰਗੀ ਕਾਰਗੁਜ਼ਾਰੀ ’ਚ ਪਾਸ ਹੋਏ ਸਨ, ਉਨ੍ਹਾਂ ਲਈ ਖ਼ੁਸ਼ਖ਼ਬਰੀ ਹੈ। ਇਥੇ ਇਹ ਦੱਸਣਾਂ ਬਣਦਾ ਹੈ ਕਿ ਅਕਾਦਮਿਕ ਸਾਲ 2020-21 ਦੀ ਪ੍ਰੀਖਿਆ ਅਪ੍ਰੈਲ 2021 ’ਚ ਤੈਅ ਹੋਈ ਸੀ ਤੇ ਵਿਦਿਆਰਥੀਆਂ ਨੂੰ ਹਾਲੇ ਰੋਲ ਨੰਬਰ ਜਾਰੀ ਹੋਣੇ ਸਨ ਪਰ ਕੋਰੋਨਾ ਕਾਰਨ ਪ੍ਰੀਖਿਆਵਾਂ ਇਸ ਵਰ੍ਹੇ ਵੀ ਰੱਦ ਕਰਨੀਆਂ ਪਈਆਂ।

ਨਤੀਜਾ ਤਿਆਰ ਕਰ ਲਿਆ ਹੈ : ਕੰਟਰੋਲਰ ਪ੍ਰੀਖਿਆਵਾਂ

ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਕਿਹਾ, 'ਅਸੀਂ ਨਤੀਜਾ ਤਿਆਰ ਕਰ ਲਿਆ ਹੈ, ਉਮੀਦ ਹੈ ਕਿ ਸੋਮਵਾਰ ਜਾਂ ਮੰਗਲਵਾਰ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਜਾਵੇਗੀ। ਸਰਟੀਫ਼ਿਕੇਟਾਂ ਦੀ ਅਹਿਮੀਅਤ ਨੂੰ ਧਿਆਨ ’ਚ ਰੱਖਦਿਆਂ ਪੈਰਾਮੀਟਰ ਬਣਾਏ ਗਏ ਹਨ ਤਾਂ ਜੋ ਅਕਾਦਮਿਕ ਵੱਕਾਰ ਪੂਰੀ ਤਰ੍ਹਾਂ ਕਾਇਮ ਰਹੇ। ਨਤੀਜੇ ਸਕੂਲਾਂ ਵੱਲੋਂ ਜਾਰੀ ਪ੍ਰੀ-ਬੋਰਡ ਪ੍ਰੀਖਿਆਵਾਂ ਤੋਂ ਇਲਾਵਾ ਹਾਜ਼ਰੀ, ਖੇਡਾਂ ’ਚ ਵਿਦਿਆਰਥੀਆਂ ਦੀ ਰੁਚੀ ਅਤੇ ਹੋਰ ਮਾਪਦੰਡ ਵੀ ਧਿਆਨ ’ਚ ਰੱਖੇ ਗਏ ਹਨ।'

Posted By: Seema Anand