Punjab Pre-Board Exam 2021: ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੇ ਤਾਲਾਬੰਦੀ ਦੌਰਾਨ ਕਿੰਨੀ ਕੁ ਪੜ੍ਹਾਈ ਕੀਤੀ ਇਸ ਬਾਰੇ ਸਥਿਤੀ ਹੁਣ ਸਪੱਸ਼ਟ ਹੋਵੇਗੀ।ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸੀਈਆਰਟੀ) ਨੇ ਫਰਵਰੀ ਮਹੀਨੇ ਵਿਚ ਹੋਣ ਵਾਲੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਲਈ ਸਮਾ-ਸਾਰਣੀ ਜਾਰੀ ਕਰ ਦਿੱਤੀ ਹੈ।ਪ੍ਰੀਖਿਅਵਾਂ ਕਿਹੜੇ ਮਾਪਦੰਡਾਂ ਨਾਲ ਹੋਣਗੀਆਂ ਇਹ ਤੈਅ ਹੋ ਗਿਆ ਪਰ ਕਿੱਦਾਂ ਹੋਣਗੀਆਂ ਇਸ ਬਾਰੇ ਮਾਹਰਾਂ ਨੇ ਦੁੱਚਿਤੀ ਪ੍ਰਗਟਾਈ ਹੈ।ਮਾਮਲਾ ਕੋਵਿਡ-19 ਦਾ ਹੈ ਜਿਸ ਬਾਰੇ ਹਾਲੇ ਰਿਸਰਚ ਕੌਂਸਲ ਨੇ ਕੋਈ ਐੱਸਓਪੀ ਜਾਰੀ ਨਹੀਂ ਕੀਤੀ ਹਾਲਾਂ ਕਿ ਪ੍ਰੀਖਿਆਵਾਂ ਸਬੰਧੀ 9 ਸੂਤਰੀ ਹਦਾਇਤਾਂ ਵਾਲ਼ਾ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਹਿਸਾਬ ਨਾਲ ਅਧਿਆਪਕਾਂ ਨੂੰ ਪੇਪਰ ਤਿਆਰ ਕਰਨਾਂ ਤੇ ਨੰਬਰ ਲਗਾਉਣ ਹੋਣਗੇ।ਪ੍ਰੀਖਿਆਵਾਂ ਆਨ-ਲਾਈਨ ਤੇ ਆਫ਼ ਲਾਈਨ ਦੋਹਾਂ ਮਾਧਿਅਮਾਂ ਰਾਹੀਂ ਹੋਣਗੀਆਂ।ਹੁਕਮ ਹੈ ਕਿ ਸੀਸੀਈ(ਕੰਪਰੀਹੈਂਸਿਵ ਐਂਡ ਕੰਟੀਨਿਊਇਸ ਈਵੈਲੁਯਏਸ਼ਨ) (ਲਗਾਤਾਰ ਸਮੁੱਚਾ ਮੁਲਾਂਕਣ) ਦੇ ਨੰਬਰ ਵੀ ਪ੍ਰੀ-ਬੋਰਡ ਦੀਆਂ ਇਨ੍ਹਾਂ ਪ੍ਰੀਖਿਆਵਾਂ ਦੇ ਆਧਾਰ ’ਤੇ ਹੀ ਲਗਾਏ ਜਾਣਗੇ।

ਬੋਰਡ ਦੇ ਪੇਪਰਾਂ ਤੋਂ ਠੀਕ ਪਹਿਲਾਂ ਇਹ ਇਮਤਿਹਾਨ ਪੰਜਾਬ ਦੇ ਵਿਦਿਆਰਥੀਆਂ ਲਈ ਕਾਫ਼ੀ ਮਾਅਨੇ ਰੱਖਦਾ ਹੈ ਜਿਸ ਤੇ ਇਸ ਵਿਚ ਸਿੱਖਿਆ ਵਿਭਾਗ ਦੀ ਸਾਖ ਵੀ ਦਾਅ ’ਤੇ ਲੱਗੀ ਰਹੇਗੀ।ਪ੍ਰੀਖਿਆਵਾਂ 8 ਫਰਵਰੀ ਤੋਂ ਸ਼ੁਰੂ ਹੋਣਗੀਆਂ ਜਿਸ ਵਾਸਤੇ ਪ੍ਰੀ-ਪ੍ਰਾਇਮਰੀ/ਅਪਰ-ਪ੍ਰਾਇਮਰੀ,ਸੈਕੰਡਰੀ ਤੇ ਸੀਨੀਅਰ ਸਕੰਡਰੀ ਵਾਸਤੇ ਸਾਂਝੀ ਡੇਟ-ਸ਼ੀਟ ਤਿਆਰ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਵਿਚ ਰੱਖਦਿਆਂ ਚਿਰਾਂ ਤੋਂ ਘਰ ਤੋਂ ਆਨ-ਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦਾ ਮੌਜੂਦਾ ਗਿਆਨ ਭਾਂਪਣ ਲਈ ਪੰਜਾਬ ਦੇ ਸਿੱਖਿਆ ਵਿਭਾਗ ਤੇ ਐੱਸਸੀਈਆਰਟੀ ਨੇ ਇਹ ਸਾਂਝੇ ਤੌਰ ’ਤੇ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ ਲਿਆ ਹੈ।ਵੇਰਵਿਆਂ ਅਨਸਾਰ ਪਹਿਲੀ ਤੋਂ ਪੰਜਵੀਂ ਜਮਾਤ ਤਕ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਕੇ 20 ਫਰਵਰੀ ਤਕ ਚੱਲਣਗੀਆਂ।ਇਨ੍ਹਾਂ ਜਮਾਤਾਂ ਵਾਸਤੇ ਜਾਰੀ ਕੀਤੀ ਸਮੂਹਿਕ ਡੇਟ-ਸ਼ੀਟ ਅਨੁਸਾਰ ਪਹਿਲਾ ਪੇਪਰ ਅੰਗਰੇਜ਼ੀ ਵਿਸ਼ੇ ਦਾ ਰੱਖਿਆ ਗਿਆ ਹੈ ਜਦ ਕਿ ਅਖ਼ੀਰਲਾ ਇਮਤਿਹਾਨ ਹਿੰਦੀ ਵਿਸ਼ੇ ਦਾ ਹੋਵੇਗਾ।ਕਿਹਾ ਗਿਆ ਹੈ ਕਿ ਵੋਕੇਸ਼ਨਲ ਸਟਰੀਮ ਦੇ ਵਿਦਿਆਰਥੀਆਂ ਲਈ ਡੇਟ-ਸ਼ੀਟ ਖੁਦ ਸਕੂਲ ਮੁਖੀ ਤਿਆਰ ਕਰਨਗੇ।

ਇਸੇ ਤਰ੍ਹਾ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ 8 ਫਰਵਰੀ ਤੋਂ ਸ਼ੁਰੂ ਹੋਣਗੀਆਂ ਜਿਨ੍ਹਾਂ ਵਿਚੋਂ ਕ੍ਰਮਵਾਰ(6ਵੀਂ ਤੋਂ ਦਸਵੀਂ) ਪੇਪਰ ਅੰਗਰੇਜ਼ੀ, ਪੰਜਾਬੀ ਗਣਿਤੀ ਹਿੰਦੀ ਤੇ ਸਾਇੰਸ ਦੇ ਹੋਣਗੇ।ਸੀਨੀਅਰ ਸੈਕੰਡਰੀ ਜਮਾਤਾਂ ਦੀਆਂ ਪ੍ਰੀਖਿਆਵਾਂ 8 ਫਰਵਰੀ ਤੋਂ ਸ਼ੁਰੂ ਹੋਕੇ 23 ਫਰਵਰੀ ਤਕ ਚੱਲਣਗੀਆਂ ਜਿਨ੍ਹਾਂ ਵਿਚੋਂ ਗਿਆਰ੍ਹਵੀਂ ਜਮਾਤ ਦਾ ਪਹਿਲਾ ਪੇਪਰ ਪੰਜਾਬੀ ਲਾਜ਼ਮੀ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅੰਗਰੇਜ਼ੀ ਦਾ ਇਮਤਿਹਾਨ ਦੇਣਗੇ।

ਇਹ ਹੋਵੇਗਾ ਪੈਟਰਨ

ਤਾਲਾਬੰਦੀ ਦੌਰਾਨ ਵਿਦਿਆਰਥੀਆਂ ਦੀ ਸੰਭਾਵਿਤ ਪੜ੍ਹਾਈ ਨੁਕਸਾਨ ਨੂੰ ਦੇਖਦਿਆਂ ਵਿਦਿਆਰਥੀਆਂ ਦਾ ਪੇਪਰ ਪੈਟਰਨ ਵਿਚ ਪਹਿਲੀ ਵਾਰ ਬਦਲਾਅ ਕੀਤਾ ਗਿਆ ਹੈ।ਪਿਛਲੇ ਦੋ ਦਹਾਕਿਆਂ ਦੌਰਾਨ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਬੋਰਡ ਦੀਆਂ ਪ੍ਰੀਖਿਆਵਾਂ ਵਿਚ 30 ਫ਼ੀਸਦੀ ਘੱਟ ਸਿਲੇਬਸ ਵਿਚੋਂ ਇਮਤਿਹਾਨ ਲਿਆ ਜਾਣਾ ਹੈ।ਇਸ ਲਈ ਐੱਸਸੀਈਆਰਟੀ ਨੇ ਪ੍ਰੀ-ਬੋਰਡ ਪ੍ਰੀੀਿਖਆਵਾਂ ਵਿਚ ਵੀ ਘਟਾਏ ਹੋਏ ਪਾਠਕ੍ਰਮ ਵਿਚੋਂ ਹੀ ਇਮਤਿਹਾਨ ਲਏ ਜਾਣ ਦਾ ਹੁਕਮ ਜਾਰੀ ਕੀਤਾ ਹੈ।ਹਦਾਇਤ ਹੈ ਕਿ ਪਹਿਲੀ ਜਮਾਤ ਤੋਂ ਅੱਠਵੀਂ ਤਕ ਦੀ ਪ੍ਰੀਖਿਆ ਆਨ-ਲਾਈਨ ਤੇ ਆਫ਼-ਲਾਈਨ ਦੋਵਾਂ ਮਾਧਿਅਮਾਂ ਰਾਹੀਂ ਲਈ ਜਾਵੇਗੀ ਤੇ ਇਸ ਵਿਚ ਬਹੁ-ਵਿਕਲਪੀ ਤੇ ਲੰਬੇ ਉੱਤਰਾਂ ਵਾਲੇ ਦੋਵਾਂ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ।ਇਸ ਤੋਂ ਇਲਾਵਾ 9ਵੀਂ ਤੋਂ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਰਵਾਇਤੀ ਪ੍ਰੀਖਿਆ ਪ੍ਰਣਾਲੀ ਦੇ ਤਹਿਤ ਹੀ ਹੋਵੇਗੀ ਜਿਸ ਵਿਚ ਬਹੁ-ਵਿਕਲਪੀ ਤੇ ਲੰਬੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ-ਪੱਤਰਾਂ ਦਾ ਹਿੱਸਾ ਬਣਨਗੇ।ਵਿਦਿਆਰਥੀਆਂ ਨੂੰ ਭੈਅ ਤੇ ਪਰੇਸ਼ਾਨੀ-ਮੁਕਤ ਮਾਹੌਲ ਦੇਣ ਲਈ ਪ੍ਰੀਖਿਆਵਾਂ ਵਾਲੇ ਦਿਨ ਕਿਸੇ ਵੀ ਕਿਸਮ ਤੀ ਅਸਾਈਨਮੈਂਟ ਦੇਣ ਤੋਂ ਵੀ ਮਨਾਹੀ ਕਰ ਦਿੱਤੀ ਹੈ।

Posted By: Tejinder Thind