ਮੋਹਾਲੀ : ਸੀਐੱਮ ਸਿਕਊਰਟੀ 'ਚ ਤਾਇਨਾਤ ਕਮਾਂਡੋ ਸੁਖਵਿੰਦਰ ਦੀ ਡਿਸਕੋਥੇਕ ਦੇ ਬਾਹਰ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲੇ ਚਰਨਜੀਤ ਸਿੰਘ ਉਰਫ਼ ਸਾਹਿਲ ਨੂੰ ਪੁਲਿਸ ਨੇ ਪਾਨੀਪਤ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸਾਹਿਲ ਨਾਲ ਉਨ੍ਹਾਂ ਦੇ ਦੋ ਦੋਸਤਾਂ ਨੂੰ ਵੀ ਫੜਿਆ ਹੈ। ਸਾਹਿਲ ਕੋਲ 32 ਬੋਰ ਦੀ ਲਾਇਸੈਂਸੀ ਪਿਸਤੌਲ ਤੇ ਆਡੀ ਗੱਡੀ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਪਾਨੀਪਤ 'ਚ ਲੁਕਿਆ ਹੋਇਆ ਸੀ।

ਸਾਹਿਲ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਹ ਖਰੜ 'ਚ ਕਿਰਾਏ ਦੇ ਮਕਾਨ 'ਤੇ ਇਕ ਕੁੜੀ ਨਾਲ ਲਿਵ ਇਨ 'ਚ ਰਹਿੰਦਾ ਹੈ। ਉਸ ਦੀ ਅੰਮ੍ਰਿਤਸਰ 'ਚ ਜੋ ਜ਼ਮੀਨ ਸੀ ਉਹ ਉਸ ਨੂੰ ਵੇਚ ਚੁੱਕਾ ਹੈ। ਉਸ ਦੇ ਪਰਿਵਾਰਕ ਮੈਂਬਰ ਅੰਮ੍ਰਿਤਪਾਲ ਸਿੰਘ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ। ਪੁਲਿਸ ਨੇ ਸਾਹਿਲ ਦੀ ਗ੍ਰਿਫ਼ਤਾਰੀ ਲਈ ਉਸ ਦੀ ਫੇਜ਼-9 ਪੀਜੀ ਰਹਿੰਦੀ ਇਕ ਮਹਿਲਾ ਦੋਸਤ ਨੂੰ ਕਸਟਡੀ 'ਚ ਲਿਆ ਸੀ, ਜੋ ਕਿ ਵਾਰਦਾਤ ਦੀ ਰਾਤ ਉਸ ਨਾਲ ਕਲੱਬ 'ਚ ਮੌਜੂਦ ਸੀ।

ਸਾਹਿਲ ਦਾ ਚੰਡੀਗੜ੍ਹ 'ਚ ਖੁਦ ਦਾ ਹੈ ਕਲੱਬ: ਸੂਤਰਾਂ ਤੋਂ ਪਤਾ ਚਲਿਆ ਹੈ ਕਿ ਸਾਹਿਲ ਖ਼ੁਦ ਨੂੰ ਚੰਡੀਗੜ੍ਹ ਸੈਕਟਰ-9 ਸਕੈਰੀ ਸਟ੍ਰੀਟ ਦਾ ਮਾਲਕ ਦੱਸਦਾ ਸੀ। ਪੁਲਿਸ ਇਸ ਕਲੱਬ ਦੇ ਸਟਾਫ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ। ਚੰਡੀਗੜ੍ਹ 'ਚ ਡਿਸਕੋ ਕਲੱਬ ਖ਼ਿਲਾਫ਼ ਸਖ਼ਤੀ ਦੇ ਚਲਦਿਆਂ 12ਵਜੇ ਕਲੱਬ ਬੰਦ ਕਰਵਾ ਦਿੱਤੇ ਜਾਂਦੇ ਹਨ, ਇਸ਼ ਲਈ ਸਾਹਿਲ ਚੰਡੀਗੜ੍ਹ ਦਾ ਕਲੱਬ ਬੰਦ ਹੋਣ ਤੋਂ ਬਾਅਦ ਮੋਹਾਲੀ 'ਚ ਦੇਰ ਰਾਤ ਤਕ ਚੱਲਣ ਵਾਲੇ ਕਲੱਬ 'ਚ ਸਾਥੀਆਂ ਸਮੇਤ ਆਉਂਦਾ ਸੀ।

Posted By: Amita Verma