ਮੋਹਾਲੀ: ਮੋਹਾਲੀ ਦੇ ਫੇਜ਼-11 ਸਥਿਤ ਡਿਸਕੋ ਨਾਈਟ ਕਲੱਬ 'ਚ ਗੋਲ਼ੀ ਮਾਰ ਕੇ ਪੰਜਾਬ ਪੁਲਿਸ ਦੇ ਕਮਾਂਡੋ ਦੀ ਹੱਤਿਆ ਕਰ ਦਿੱਤੀ ਗਈ। ਘਟਨਾ ਤੜਕੇ ਚਾਰ ਵਜੇ ਦੀ ਦੱਸੀ ਜਾ ਰਹੀ ਹੈ। ਕਮਾਂਡੋ ਸੁਖਵਿੰਦਰ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ 'ਚ ਤਾਇਨਾਤ ਸੀ। ਐੱਸਐੱਸਪੀ ਘਟਨਾ ਸਥਾਨ 'ਤੇ ਪਹੁੰਚੇ। ਸੁਖਵਿੰਦਰ ਸਿੰਘ ਫ਼ਿਰੋਜ਼ਪੁਰ ਦੇ ਰੋੜਾਂਵਾਲੀ ਦਾ ਰਹਿਣ ਵਾਲ਼ਾ ਸੀ ਤੇ ਉਸ ਦੀ ਡਿਸਕੋ 'ਚ ਸਾਹਿਲ ਨਾਂ ਦੇ ਇਕ ਵਿਅਕਤੀ ਨਾਲ ਬਹਿਸ ਹੋ ਗਈ। ਗੋਲ਼ੀ ਮਾਰਨ ਵਾਲੇ ਨੌਜਵਾਨ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਸਾਹਿਲ ਵਜੋਂ ਹੋਈ ਹੈ। ਝਗੜਾ ਜ਼ਿਆਦਾ ਵਧ ਜਾਣ ਤੋਂ ਬਾਅਦ ਕਲੱਬ ਮਾਲਕ ਨੇ ਦੋਹਾਂ ਨੂੰ ਬਾਹਰ ਕੱਢ ਦਿਤਾ, ਜਿੱਥੇ ਸਾਹਿਲ ਨੇ ਗੋਲ਼ੀ ਚੱਲਾ ਦਿੱਤੀ। ਕਮਾਂਡੋ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਓਧਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

ਨਿਯਮਾਂ ਨੂੰ ਛਿੱਕੇ ਟੰਗ ਕੇ ਦੇਰ ਰਾਤ ਤਕ ਚੱਲਦੇ ਹਨ ਕਲੱਬ

ਜਾਣਕਾਰੀ ਮੁਤਾਬਿਕ ਜਿਸ ਕਲੱਬ ਦੇ ਬਾਹਰ ਇਹ ਵਾਰਦਾਤ ਹੋਈ ਹੈ, ਉਹ ਦੇਰ ਰਾਤ ਸਾਢੇ ਤਿੰਨ ਵਜੇ ਤਕ ਚੱਲ ਰਿਹਾ ਸੀ। ਕਲੱਬਾਂ ਦੇ ਸਮੇਂ ਨੂੰ ਲੈ ਕੇ ਪ੍ਰਸ਼ਾਸਨ ਵੱਲ਼ੋਂ ਬਾਕਾਇਦਾ ਨਿਯਮ ਬਣਾਏ ਗਏ ਹਨ ਪਰ ਕਲੱਬ ਮਾਲਕ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਦੇਰ ਰਾਤ ਤਕ ਪਾਰਟੀ ਕਰਵਾਉਂਦੇ ਹਨ। ਇਸ ਦੌਰਾਨ ਮੁੰਡੇ-ਕੁੜੀਆਂ ਨਸ਼ੇ 'ਚ ਟੱਲੀ ਰਹਿੰਦੇ ਹਨ ਤੇ ਆਏ ਦਿਨ ਲੜਾਈ-ਝਗੜਿਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪੁਲਿਸ ਵੱਲੋਂ ਵੀ ਦੇਰ ਰਾਤ ਚੱਲ ਰਹੇ ਇਨ੍ਹਾਂ ਕਲੱਬਾਂ ਖ਼ਿਲਾਫ਼ ਕੋਈ ਠੇਸ ਕਾਰਵਾਈ ਨਹੀਂ ਕੀਤੀ ਜਾਂਦੀ।

Posted By: Amita Verma