ਜੇਐੱਸ ਕਲੇਰ, ਮੋਹਾਲੀ : ਸ਼੍ਰੋਮਣੀ ਅਕਾਲੀ ਦਲ (SAD) ਨੇ ਐਤਵਾਰ ਯਾਨੀ ਅੱਜ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਪਣਾ 5ਵਾਂ ਉਮੀਦਵਾਰ ਵੀ ਐਲਾਨ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਡੇਰਾਬੱਸੀ ਹਲਕੇ ਤੋਂ ਐੱਨਕੇ ਸ਼ਰਮਾ (NK Sharma) ਅਕਾਲੀ ਦਲ ਵੱਲੋਂ ਚੋਣ ਲੜਨਗੇ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜ਼ੀਰਕਪੁਰ 'ਚ ਆਪਣੀ 'ਪੰਜਾਬ ਮੰਗਦਾ ਜਵਾਬ' ਰੈਲੀ ਦੌਰਾਨ ਕੀਤਾ। ਐੱਨਕੇ ਸ਼ਰਮਾ ਪਹਿਲਾਂ ਹੀ ਡੇਰਾਬੱਸੀ ਹਲਕੇ ਤੋਂ ਮੌਜੂਦ ਵਿਧਾਇਕ ਹਨ। ਇਸ ਮੌਕੇ ਹਰਸਿਮਰਤ ਕੌਰ ਬਾਦਲ, ਡਾ. ਦਲਜੀਤ ਸਿੰਘ ਚੀਮਾ ਤੇ ਸਿਕੰਦਰ ਸਿੰਘ ਮਲੂਕਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਵਿੱਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚਹੇਤੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੰਜਾਬ ਲੁੱਟਣ ਦੀ ਛੂਟ ਦਿੱਤੀ ਹੋਈ ਹੈ। ਕੈਪਟਨ ਦੇ ਮੰਤਰੀ - ਵਿਧਾਇਕ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਤੇ ਗੈਂਗਸਟਰਾਂ ਦੇ ਰਾਹੀਂ ਪੰਜਾਬ ਦੀ ਲੁੱਟ ਕਰ ਕੇ ਅਮੀਰ ਹੋ ਰਹੇ ਹਨ ਜਦੋਂਕਿ ਕੋਰੋਨਾ ਮਹਾਮਾਰੀ ਦੌਰਾਨ ਆਮ ਲੋਕਾਂ ਦਾ ਰੋਜਗਾਰ ਖਤਮ ਹੋ ਗਿਆ । ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਆਉਣ ਦੇ ਬਾਅਦ ਸਾਰਾ ਵਪਾਰ ਬੰਦ ਹੋ ਗਿਆ। ਅੱਜ ਪੰਜਾਬ ਦੇ ਲੋਕਾਂ ਕੋਲ ਰੁਜ਼ਗਾਰ ਨਹੀਂ ਹੈ। ਅਕਾਲੀ ਦਲ ਸਰਕਾਰ ਆਉਣ 'ਤੇ ਖੇਤਰ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ, ਉੱਥੇ ਹੀ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਮੁਫ਼ਤ ਤਕਨੀਕੀ ਸਿੱਖਿਆ ਪ੍ਰਦਾਨ ਕਰਵਾਕੇ ਆਪਣੇ ਕੰਮਕਾਰ ਸ਼ੁਰੂ ਕਰਨ ਲਈ ਵਿਆਜ ਮੁਕਤ ਕਰਜ਼ ਦੇਣ ਦੀ ਵਿਵਸਥਾ ਕਰੇਗਾ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਦੇ ਰਾਜ ਵਿਚ ਕੈਪਟਨ ਨੇ ਇੱਕ ਵੀ ਵਿਕਾਸ ਦਾ ਪ੍ਰੋਜੇਕਟ ਨਹੀਂ ਲਗਾਇਆ। ਉਲਟਾ ਲੋਕਾਂ ਉੱਤੇ ਟੈਕਸਾਂ ਦਾ ਬੋਝ ਵਧਾ ਦਿੱਤਾ ਹੈ। ਚਾਰ ਸਾਲ 'ਚ ਪੰਜਾਬ ਵਿਚ ਕੋਈ ਵਿਕਾਸ ਨਹੀਂ ਹੋਇਆ ਹੈ। ਕਾਂਗਰਸ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਸੁਖਬੀਰ ਨੇ 2022 ਵਿਧਾਨ ਸਭਾ ਚੋਣਾਂ 'ਚ ਵਿਧਾਇਕ ਐਨ ਕੇ ਸ਼ਰਮਾ ਨੂੰ ਤੀਜੀ ਵਾਰ ਡੇਰਾਬੱਸੀ ਵਿਧਾਨ ਸਭਾ ਹਲਕੇ ਲਈ ਉਮੀਦਵਾਰ ਐਲਾਨ ਕੀਤਾ।

Posted By: Seema Anand