ਰੋਹਿਤ ਕੁਮਾਰ, ਮੋਹਾਲੀ : ਚੰਡੀਗੜ੍ਹ ਦੇ ਨਾਲ ਲਗਦੇ ਪੰਜਾਬ ਦੀ ਮਿੰਨੀ ਕੈਪੀਟਲ ਮੋਹਾਲੀ (Mohali) 'ਚ ਸਥਿਤ ਪੰਜਾਬ ਦੇ ਸਰਕਾਰੀ ਵਿਭਾਗ ਡਿਫਾਲਟਰ ਹਨ। ਲੋਕਾਂ ਤੋਂ ਟੈਕਸ ਤੇ ਜੁਰਮਾਨਾ ਵਸੂਲਣ ਵਾਲੇ ਪੰਜਾਬ ਦੇ ਇਹ ਸਰਕਾਰੀ ਵਿਭਾਗ ਖ਼ੁਦ ਟੈਕਸ ਨਹੀਂ ਭਰ ਰਹੇ। ਮੋਹਾਲੀ ਸਥਿਤ ਕਰ ਅਤੇ ਆਬਕਾਰੀ ਵਿਭਾਗ (Excise & Taxation Department) ਤੋਂ ਲੈ ਕੇ ਪੁਲਿਸ ਵਿਭਾਗ ਤਕ ਸਭ ਡਿਫਾਲਟਰਾਂ 'ਚ ਸ਼ਾਮਲ ਹਨ। ਨਗਰ ਨਿਗਮ ਮੋਹਾਲੀ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨੂੰ ਚਿੱਠੀ ਲਿਖ ਕੇ ਪ੍ਰਾਪਰਟੀ ਟੈਸਕ ਦਾ ਭੁਗਤਾਨ ਕਰਨ ਦੀ ਮੰਗ ਕੀਤੀ ਹੈ। ਨਿਗਮ ਕਮਿਸ਼ਨਰ ਕਮਲ ਗਰਗ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖਿਆ ਗਿਆ ਹੈ।

ਗਮਾਡਾ ਦਾ 5.13 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ। ਗਮਾਡਾ ਵੱਲੋਂ 2014-15 'ਚੋਂ ਹੁਣ ਤਕ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ। ਕੋਵਿਡ-19 ਕਾਰਨ ਹੋਏ ਲਾਕਡਾਊਨ ਕਾਰਨ ਨਿਗਮ ਹੁਣ ਪ੍ਰਾਪਰਟੀ ਟੈਕਸ ਦੇ ਟਾਰਗੈੱਟ ਨੂੰ ਪੂਰਾ ਨਹੀਂ ਕਰ ਪਾ ਰਿਹਾ ਹੈ। ਇਸਲਈ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਨਾ ਚੁਕਾਉਣ ਵਾਲਿਆਂ ਨੂੰ ਪ੍ਰਾਪਰਟੀ ਸੀਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਪਿਛਲੇ ਇਕ ਮਹੀਨੇ 'ਚ 10 ਤੋਂ ਜ਼ਿਆਦਾ ਪ੍ਰਾਪਰਟੀਆਂ ਸੀਲ ਕੀਤੀਆਂ ਜਾ ਚੁੱਕੀਆਂ ਹਨ।

ਗਮਾਡਾ ਦਾ ਫੇਜ਼ 11 'ਚ ਆਪਣੇ ਗੁਦਾਮ, ਦੁਸਹਿਰਾ ਗਰਾਊਂਡ, ਪੁਰਾਣੇ ਬਸ ਸਟੈਂਡ ਤੇ ਫੇਜ਼-8 'ਚ ਤਿੱਬਤੀ ਬਾਜ਼ਾਰ ਸਥਾਨ, ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ, 9 ਫੇਜ਼ 'ਚ ਹਾਕੀ ਸਟੇਡੀਅਮ, ਸਾਰੇ ਖੇਡ ਕੰਪਲੈਕਸਾਂ, ਸ਼ਰਾਬ ਦੀਆਂ ਥਾਵਾਂ ਤੇ ਵੱਖ-ਵੱਖ ਬੂਥਾਂ ਦੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨਾ ਹੈ। ਉੱਥੇ ਹੀ ਸੈਕਟਰ 76 'ਚ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਰਤਮਾਨ 'ਚ ਪ੍ਰਾਪਰਟੀ ਟੈਕਸ 'ਤੇ 15 ਲੱਖ ਦੀ ਬਕਾਇਆ ਰਕਮ ਬੀਤੇ ਦੋ ਸਾਲਾਂ ਤੋਂ ਪੈਂਡਿੰਗ ਹੈ। ਮੋਹਾਲੀ ਪੁਲਿਸ ਨੇ 2014-15 ਤੋਂ ਬਾਅਦ ਸਿਵਲ ਬਾਡੀ 'ਤੇ 1 ਕਰੋੜ ਦਾ ਬਕਾਇਆ ਹੈ।

ਪੁਲਿਸ ਦੀਆਂ ਪ੍ਰਾਪਰਟੀਆਂ 'ਚ ਕਈ ਪੁਲਿਸ ਸਟੇਸ਼ਨ, ਸਾਈਬਰ ਕ੍ਰਾਈਮ ਦਫ਼ਤਰ, ਮਹਿਲਾ ਸੈੱਲ ਤੇ ਹੋਰ ਇਮਾਰਤਾਂ ਸ਼ਾਮਲ ਹਨ। ਇੱਥੋਂ ਤਕ ਕਿ ਆਬਕਾਰੀ ਤੇ ਟੈਕਸੇਸ਼ਨ ਵਿਭਾਗ ਨੇ ਆਪਣਾ 5 ਲੱਖ ਰੁਪਏ ਦਾ ਭੁਗਤਾਨ ਨਹੀਂ ਕੀਤਾ ਹੈ। ਨਿਗਮ ਦੇ ਰਿਕਾਰਡ ਮੁਤਾਬਿਕ ਮੋਹਾਲੀ 'ਚ 52,678 ਪ੍ਰਾਪਰਟੀਆਂ ਹਨ ਜਿਨ੍ਹਾਂ ਵਿਚੋਂ 41,082 ਰਿਹਾਇਸ਼ੀ, 4,929 ਕਮਰਸ਼ੀਅਲ, 1,683 ਸਨਅਤੀ ਤੇ 4,984 ਖ਼ਾਲੀ ਪਲਾਟ ਹਨ। ਜਿਨ੍ਹਾਂ ਵਿਚੋਂ 24,406 ਟੈਕਸ ਯੋਗ ਹਨ।

Posted By: Seema Anand