ਸੀਨੀਅਰ ਸਟਾਫ ਰਿਪੋਰਟਰ, ਮੋਹਾਲੀ : ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿੱਚ 831 ਕਰਾਫਟਸਮੈਨ ਇੰਸਟਰਕਟਰਾਂ ਦੀ ਕੀਤੀ ਜਾ ਰਹੀ ਨਵੀਂ ਭਰਤੀ ਅਤੇ ਵਿਭਾਗੀ ਨਿਯਮਾਂ 'ਚ ਕੀਤੀ ਜਾ ਰਹੀ ਸੋਧ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਵਿਭਾਗ ਦੇ ਕੈਬਨਿਟ ਵਜ਼ੀਰ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਵੱਖ-ਵੱਖ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਹੋਈ। ਮੀਟਿੰਗ 'ਚ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਡਾਇਰੈਕਟਰ ਹਰਪ੍ਰੀਤ ਸੂਦਨ, ਵਧੀਕ ਡਾਇਰੈਕਟਰ ਦਲਜੀਤ ਕੌਰ ਸਿੱਧੂ, ਸੰਯੁਕਤ ਡਾਇਰੈਕਟਰ ਗੁਰਪ੍ਰੀਤ ਸਿੰਘ ਥਿੰਦ ਤੇ ਮਨੋਜ ਗੁਪਤਾ ਅਤੇ ਸਹਾਇਕ ਡਾਇਰੈਕਟਰ ਜੁੱਧਜੀਤ ਸਿੰਘ ਹਾਜ਼ਰ ਸਨ।

ਮੀਟਿੰਗ ਦੀ ਸਮਾਪਤੀ ਉਪਰੰਤ ਪ੍ਰੈੱਸ ਨੂੰ ਜਾਰੀ ਇਕ ਲਿਖਤੀ ਬਿਆਨ 'ਚ ਗੌਰਮਿੰਟ ਆਈਟੀਆਈਜ਼ ਐੱਸਸੀ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਉਠਾਏ ਗਏ ਮੁਲਾਜ਼ਮ ਮੁੱਦਿਆਂ ਨੂੰ ਕੈਬਨਿਟ ਮੰਤਰੀ ਸਰਦਾਰ ਚੰਨੀ ਨੇ ਧਿਆਨ ਨਾਲ ਸੁਣਨ ਉਪਰੰਤ ਗੰਭੀਰਤਾ ਦਿਖਾਉਂਦਿਆਂ ਉਨ੍ਹਾਂ ਨੂੰ ਤੁਰੰਤ ਲਾਗੂ ਕਰਨ ਲਈ ਸੰਬੰਧਿਤ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਆਦੇਸ਼ ਜਾਰੀ ਕੀਤੇ। ਜਥੇਬੰਦੀ ਵੱਲੋਂ ਸੁਝਾਏ ਅਤੇ ਲਾਗੂ ਕੀਤੇ ਜਾ ਰਹੇ ਇਨ੍ਹਾਂ ਮੁੱਦਿਆਂ ਜਿਨ੍ਹਾਂ ਵਿੱਚ 831 ਕਰਾਫਟਸਮੈਨ ਇੰਸਟਰਕਟਰਾਂ ਦੀ ਭਰਤੀ ਦੌਰਾਨ ਵਿਭਾਗ ਵਿੱਚ ਪਹਿਲਾਂ ਤੋਂ ਹੀ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ 15 ਪ੍ਰਤੀਸ਼ਤ ਰਿਜ਼ਰਵੇਸ਼ਨ ਦੇਣ, ਹਰੇਕ ਟਰੇਡ ਦੇ ਦੋ ਯੁਨਿਟਾਂ ਵਿੱਚੋਂ ਇਕ ਸੀਟ ਸੀ.ਟੀ.ਆਈ ਹੋਲਡਰ ਅਤੇ ਇੱਕ ਡਿਪਲੋਮਾ/ਡਿਗਰੀ ਹੋਲਡਰ ਨੂੰ ਦੇਣ, ਵੱਖ-ਵੱਖ ਵਰਗਾਂ ਲਈ ਨਿਰਧਾਰਤ ਰਿਜ਼ਰਵੇਸ਼ਨ ਨੂੰ ਮੂਲ ਰੂਪ ਵਿੱਚ ਲਾਗੂ ਕਰਨ, ਸਮੁੱਚੇ ਰਾਜ ਦੀਆਂ 117 ਸਰਕਾਰੀ ਸੰਸਥਾਵਾਂ ਵਿੱਚ 25 ਪ੍ਰਤੀਸ਼ਤ ਐਸ.ਸੀ ਵਰਗ ਦੇ ਪ੍ਰਿੰਸੀਪਲ ਨਿਯੁਕਤ ਕਰਨ, ਕਰਾਫਟਸਮੈਨ ਇੰਸਟਰਕਟਰ ਤੋਂ ਲੈ ਕੇ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੱਕ ਪਿਛਲੇ 25 ਸਾਲਾਂ ਦੌਰਾਨ ਗਰੇਡ ਪੇਅ ਵਿੱਚ ਪੈਦਾ ਹੋਈਆਂ ਵਿਸੰਗਤੀਆਂ ਨੂੰ ਦੂਰ ਕਰਨ ਲਈ ਪ੍ਰਮੁੱਖ ਸਕੱਤਰ ਵੱਲੋਂ ਤਰਕਸੰਗਤ ਸਿਫਾਰਿਸ਼ਾਂ ਸਾਹਿਤ ਸੋਧ ਲਈ ਛੇਵੇਂ ਤਨਖਾਹ ਕਮਿਸ਼ਨ ਨੂੰ ਲਿਖਣ, ਇੰਸਟਰਕਟਰ ਦਾ ਨਾਮ ਬਦਲ ਕੇ ਟ੍ਰੇਨਿੰਗ ਅਫਸਰ ਕਰਨ, ਆਗਾਮੀ ਸੈਸ਼ਨ ਲਈ ਰਾਜ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਭਰਤੀ ਕੀਤੇ ਗਏ 37,000 ਸਿਖਿਆਰਥੀਆਂ ਦੀ ਟ੍ਰੇਨਿੰਗ ਲਈ ਹਾਲ ਹੀ ਵਿੱਚ ਚੁਣੇ ਗਏ ਇੰਸਟਰਕਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇਣ, ਨਿਊ ਵੋਕੇਸ਼ਨਲ ਟ੍ਰੇਨਿੰਗ ਫਾਰ ਐਸ.ਸੀ ਸਕੀਮ ਅਧੀਨ ਵਿਭਾਗ ਵਿੱਚ ਕੰਮ ਕਰਦੇ 100 ਤੋਂ ਵਧੇਰੇ ਇੰਸਟਰਕਟਰਾਂ ਦੀਆਂ ਛੇ ਮਹੀਨੇ ਤੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ, ਗਰੁੱਪ ਇੰਸਟਰਕਟਰਾਂ ਦੀਆਂ 100 ਤੋਂ ਵਧੇਰੇ ਖਾਲੀ ਪਈਆਂ ਸੀਟਾਂ ਨੂੰ ਤਰੱਕੀਆਂ ਰਾਹੀਂ ਭਰਨ ਅਤੇ ਪ੍ਰਿੰਸੀਪਲਾਂ ਨੂੰ 50 ਹਜਾਰ ਰੁਪਏ ਦੇ ਵਿੱਤੀ ਅਧਿਕਾਰ ਦੇਣਾ ਸ਼ਾਮਿਲ ਹਨ ਨੂੰ ਪੂਰਾ ਕਰਨ ਬਦਲੇ ਜਥੇਬੰਦੀ ਵੱਲੋਂ ਕੈਬਨਿਟ ਵਜ਼ੀਰ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਪੁਰਖਾਲਵੀ ਨੇ ਕਿਹਾ ਕਿ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੰਤਰੀ ਨੇ ਵਿਭਾਗੀ ਮੁਲਾਜ਼ਮ ਜਥੇਬੰਦੀਆਂ ਨੂੰ ਆਪਣੀ ਗੱਲ ਰੱਖਣ ਦਾ ਪਲੇਟਫਾਰਮ ਦਿੱਤਾ ਹੋਵੇ। ਇਸ ਪਹਿਲ ਬਦਲੇ ਸਰਦਾਰ ਚਰਨਜੀਤ ਸਿੰਘ ਚੰਨੀ ਵਧਾਈ ਦੇ ਹੱਕਦਾਰ ਹਨ।

Posted By: Seema Anand