ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਅਕਾਦਮਿਕ ਸਾਲ 2019-20 ਦੀਆਂ ਪ੍ਰੀਖਿਆਵਾਂ ਲਈ ਰੋਲ ਨੰਬਰ ਜਾਰੀ ਕਰ ਦਿੱਤੇ ਹਨ। ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਅੱਠਵੀਂ ਰੈਗੂਲਰ ਤੇ ਓਪਨ ਸਕੂਲ ਸਮੇਤ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਾਸਤੇ ਇਹ ਰੋਲ ਨੰਬਰ ਸਬੰਧਤ ਸਕੂਲ ਆਪਣੀ ਲਾਗ ਇਨ ਆਈਡੀ ਰਾਹੀਂ ਡਾਊਨਲੋਅਡ ਕਰ ਸਕਦੇ ਹਨ। ਇਨ੍ਹਾਂ ਪ੍ਰੀਖਿਆਵਾਂ 'ਚ ਬਾਰ੍ਹਵੀਂ ਜਮਾਤ ਦੇ ਰੀ-ਅਪੀਅਰ ਵਾਧੂ ਵਿਸ਼ਾ ਤੇ ਕੰਪਾਰਟਮੈਂਟ ਵਾਸਤੇ ਸਾਲਾਨਾ ਪ੍ਰੀਖਿਆਵਾਂ ਸ਼ਾਮਲ ਹੋਣਗੇ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਕਾਰਗੁਜ਼ਾਰੀ ਵਧਾਉਣ/ਵਾਧੂ ਵਿਸ਼ਾ/ਕੰਪਾਰਟਮੈਂਟ ਵਾਲੇ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਰਾਹੀਂ ਪ੍ਰਾਪਤ ਕਰਨਗੇ। ਹਦਾਇਤ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਡਾਕ ਰਾਹੀਂ ਰੋਲ ਨੰਬਰ ਦੀ ਸਲਿਪ ਜਾਰੀ ਨਹੀਂ ਕੀਤੀ ਜਾਵੇਗੀ।

ਜੇਕਰ ਕਿਸੇ ਰੋਲ ਨੰਬਰ 'ਚ ਤਰੁਟੀ ਪਾਈ ਜਾਂਦੀ ਹੈ ਤਾਂ 26 ਫਰਵਰੀ ਤਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਨੂੰ ਸੂਚਿਤ ਕਰਕੇ ਦੂਰ ਕਰਵਾਈ ਜਾ ਸਕਦੀ ਹੈ। ਇਸ ਕੰਮ ਲਈ ਬੋਰਡ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਵੀ ਦਫ਼ਤਰ ਖੁੱਲ੍ਹਾ ਰੱਖਣ ਦੀ ਹਦਾਇਤ ਜਾਰੀ ਕੀਤੀ ਹੈ। ਦਫ਼ਤਰ 29 ਫਰਵਰੀ ਤੇ 1 ਮਾਰਚ ਨੂੰ ਆਮ ਵਾਂਗ ਖੁਲ੍ਹੇਗਾ। ਇਸ ਦੌਰਾਨ ਬੋਰਡ ਦਾ ਦਫ਼ਤਰ ਤਰੁਟੀਆਂ ਦੂਰ ਕਰਨ ਲਈ ਰੋਲ ਨੰਬਰ ਵਿਚਾਰੇ ਜਾਣਗੇ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਉਹ ਵਿਦਿਆਰਥੀ ਜਿਨ੍ਹਾਂ ਨੂੰ ਹਾਲੇ ਤਕ ਰੋਲ ਨੰਬਰ ਦੀ ਸਲਿਪ ਪ੍ਰਾਪਤ ਨਹੀਂ ਹੋਈ ਹੈ ਉਹ ਆਪਣੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਤੇ ਜਮ੍ਹਾ ਕਰਵਾਈ ਗਈ ਫ਼ੀਸ ਦੀ ਰਸੀਦ ਨਾਲ ਲੈ ਕੇ ਬੋਰਡ ਦੇ ਦਫ਼ਤਰ ਮੋਹਾਲੀ ਵਿਖੇ ਸੰਪਰਕ ਕਰ ਸਕਦੇ ਹਨ।

Posted By: Amita Verma