PSEB 10th Result 2022 : ਜਾਸੰ., ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਮੰਗਲਵਾਰ ਨੂੰ 10ਵੀਂ ਦੀ ਮੈਰਿਟ ਦਾ ਨਤੀਜਾ ਜਾਰੀ ਕਰ ਦਿੱਤਾ ਸੀ ਅਤੇ ਅੱਜ ਯਾਨੀ ਬੁੱਧਵਾਰ ਨੂੰ ਸਕੂਲਾਂ ਮੁਤਾਬਕ ਸਮੁੱਚਾ ਨਤੀਜਾ ਸਵੇਰੇ 10 ਵਜੇ ਜਾਰੀ ਕੀਤਾ ਜਾਵੇਗਾ। ਇਸ ਵਾਰ ਜ਼ਿਲ੍ਹੇ ਵਿੱਚ 22890 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ ਅਤੇ ਇਨ੍ਹਾਂ ਵਿੱਚੋਂ 22696 ਵਿਦਿਆਰਥੀ ਪੂਰੀ ਤਰ੍ਹਾਂ ਪਾਸ ਹੋਏ ਹਨ। ਇਸ ਹਿਸਾਬ ਨਾਲ ਕੁੱਲ ਨਤੀਜਾ 99.15 ਫੀਸਦੀ ਰਿਹਾ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 14 ਫੀਸਦੀ ਵੱਧ ਹੈ। ਇੱਕ ਦਿਨ ਪਹਿਲਾਂ ਮੈਰਿਟ ਜਾਰੀ ਹੋਣ ਕਾਰਨ ਵਿਦਿਆਰਥੀ, ਮਾਪੇ ਅਤੇ ਸਕੂਲ ਮੁਖੀ ਆਪਣੇ ਵਿਦਿਆਰਥੀਆਂ ਦਾ ਨਤੀਜਾ ਨਹੀਂ ਦੇਖ ਸਕੇ ਪਰ ਉਦੋਂ ਤੋਂ ਹੀ ਉਨ੍ਹਾਂ ਦੀਆਂ ਨਜ਼ਰਾਂ ਬੋਰਡ ਦੀ ਸਾਈਟ ’ਤੇ ਟਿਕੀਆਂ ਹੋਈਆਂ ਸਨ। ਜਿਸ ਕਾਰਨ ਸਾਈਟ ਵਿਚਕਾਰ ਕਈ ਵਾਰ ਕਰੈਸ਼ ਵੀ ਹੋਈ। ਹੁਣ 10 ਵਜੇ ਤੋਂ ਬਾਅਦ ਵਿਦਿਆਰਥੀ ਆਸਾਨੀ ਨਾਲ ਆਪਣਾ ਰੋਲ ਨੰਬਰ ਦਰਜ ਕਰਕੇ ਨਤੀਜਾ ਚੈੱਕ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚ ਐਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਦੀ ਵਿਦਿਆਰਥਣ ਭੂਮਿਕਾ ਨੇ ਸਟੇਟ ਮੈਰਿਟ 'ਚੋਂ ਦੂਜਾ ਰੈਂਕ ਹਾਸਲ ਕੀਤਾ ਹੈ। ਉਹ 98.77 ਫੀਸਦੀ ਅੰਕਾਂ ਨਾਲ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹੀ ਹੈ। ਬੋਰਡ ਵੱਲੋਂ ਜਾਰੀ ਮੈਰਿਟ ਸੂਚੀ 'ਚ ਜ਼ਿਲ੍ਹੇ ਦੇ 7 ਵਿਦਿਆਰਥੀਆਂ ਨੇ ਆਪਣੀ ਜਗ੍ਹਾ ਬਣਾਈ ਹੈ। ਇਨ੍ਹਾਂ ਵਿਚ 4 ਕੁੜੀਆਂ ਤੇ 3 ਮੁੰਡੇ ਸ਼ਾਮਲ ਹਨ। ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਰਵਿਦਾਸ ਨਗਰ ਦੇ ਵਿਦਿਆਰਥੀ ਬਲਰਾਮ ਸੂਰੀ ਨੇ 98.62 ਫੀਸਦੀ ਅੰਕਾਂ ਨਾਲ ਪੰਜਾਬ ਤੋਂ ਤੀਜਾ 'ਤੇ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਮੀਪੁਰ ਦੀ ਵਿਦਿਆਰਥਣ ਮੁਸਕਾਨ ਪਾੱਲ ਤੇ ਨਿਊ ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਰਵਿਦਾਸ ਨਗਰ ਦੇ ਵਿਦਿਆਰਥੀ ਚਿਰਾਗ ਨੇ 97.69 ਅੰਕਾਂ ਨਾਲ ਪੰਜਾਬ 'ਚੋਂ ਨੌਵਾਂ ਰੈਂਕ ਹਾਸਲ ਕੀਤਾ ਹੈ ਤੇ ਜ਼ਿਲ੍ਹੇ 'ਚੋਂ ਤੀਜੇ ਸਥਾਨ ਤੇ ਰਹੇ। ਸਰਕਾਰੀ ਹਾਈ ਸਕੂਲ ਲੋਹਾਰਾਂ ਮਾਨਕਰਾਏ ਦਾ ਵਿਦਿਆਰਥੀ ਪ੍ਰਿੰਸ ਬਸਰਾ 97.23 ਫੀਸਦੀ ਅੰਕਾਂ ਨਾਲ ਮੈਰਿਟ 'ਚੋਂ 12ਵੇਂ ਅਤੇ ਜ਼ਿਲ੍ਹੇ 'ਚੋਂ ਚੌਥੇ ਸਥਾਨ 'ਤੇ ਰਿਹਾ। ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਦੀ ਵਿਦਿਆਰਥਣ ਏਕਤਾ 97.08 ਫੀਸਦੀ ਅੰਕਾਂ ਨਾਲ ਸੂਬੇ ਚੋਂ 13ਵੇਂ ਅਤੇ ਜ਼ਿਲ੍ਹੇ ਚੋਂ 5ਵੇਂ ਸਥਾਨ 'ਤੇ ਕਾਬਜ਼ ਹੋਈ। ਇਸੇ ਤਰ੍ਹਾਂ ਕੇਪੀਐਸ ਬਾਲ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੂਹਡ਼ ਦੀ ਵਿਦਿਆਰਥਣ ਯਸ਼ਿਕਾ ਗੌਤਮ ਨੇ 96.92 ਫੀਸਦੀ ਅੰਕਾਂ ਨਾਲ ਮੈਰਿਟ 'ਚੋਂ 14ਵਾਂ 'ਤੇ ਜ਼ਿਲ੍ਹੇ 'ਚੋਂ 6ਵਾਂ ਸਥਾਨ ਪ੍ਰਾਪਤ ਕੀਤਾ ਹੈ। ਜਲੰਧਰ ਦੇ 22890 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿਤੀ ਸੀ ਜਿਸ ਚੋਂ 22696 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ। 99.15 ਫੀਸਦੀ ਨਤੀਜੇ ਨਾਲ ਜਲੰਧਰ ਜਿਲ੍ਹਾ ਪੰਜਾਬ ਚੋਂ 10ਵੇਂ ਸਥਾਨ ਤੇ ਰਿਹਾ ਹੈ।

Posted By: Seema Anand