ਸਤਵਿੰਦਰ ਸਿੰਘ ਧੜਾਕ, ਚੰਡੀਗੜ੍ਹ : ਬਰਗਾੜੀ ਗੋਲੀ ਕਾਂਡ ਤੋਂ ਇਲਾਵਾ ਸਾਲ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀਆਂ ਬੇ-ਅਦਬੀਆਂ ਦੇ ਮਾਮਲੇ ਵਿਚ ਸਿੱਖ ਜੱਥੇਬੰਦੀਆਂ ਵੱਲੋਂ ਸੀਬੀਆਈ ਦਫ਼ਤਰ ਘੇਰਨ ਜਾ ਰਹੀਆਂ ਜੱਥੇਬੰਦੀਆਂ ਦੇ ਮੈਂਬਰਾਂ ’ਤੇ ਚੰਡੀਗੜ੍ਹ ਪੁਲਿਸ ਨੇ ਜਲ ਤੋਪਾਂ ਦੀ ਵਾਛੜ ਕਰ ਦਿੱਤੀ। ਜੱਥੇਬੰਦੀਆਂ ਦੇ ਮੈਂਬਰਾਂ ਨੇ ਹੱਥਾਂ ਵਿਚ ਕਾਲੀਆਂ ਝੰਡੀਆਂ ਫੜ ਕੇ ਸੀਬੀਆਈ ਵੱਲੋਂ ਬਰਗਾੜੀ ਕੇਸ ਵਿਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਪ੍ਰਤੀ ਰੋਸ ਵਿਖਾਵਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਤਿੰਨ ਆਗੂਆਂ ਦੇ ਸੱਟਾਂ ਵੱਜਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਤੋਂ ਮਿੱਥੇ ਸੰਘਰਸ਼ ਅਨੁਸਾਰ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਵਾਲੀ ਜੱਥੇਬੰਦੀ ਨੇ ਗੁਰਦੁਆਰਾ ਅੰਬ ਸਾਹਿਬ ਤੋਂ ਪੈਦਲ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵੱਲ ਚਾਲੇ ਪਾਏ ਸਨ। ਇਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਿਛਲੇ ਪਾਸੇ ਚੰਡੀਗੜ੍ਹ ਮੋਹਾਲੀ ਦੀ ਸਾਂਝੀ ਹੱਦ ਤੋਂ ਵਾਪਸ ਜਾਣ ਲਈ ਕਿਹਾ ਗਿਆ ਪਰ ਸਿੱਖ ਜੱਥੇਬੰਦੀਆਂ ਨੇ ਨਾਂਹ ਕਰ ਦਿੱਤੀ ਅਤੇ ਇਨ੍ਹਾਂ ’ਤੇ ਜਲ ਤੋਪਾਂ ਦੀ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

12 ਅਕਤੂਬਰ 2015 ਨੂੰ ਹੋਈ ਸੀ ਬੇਅਦਬੀ

ਇਕ ਜੂਨ 2015 ਨੂੰ ਬਰਗਾੜੀ ਦੇ ਪਿੰਡ ਬੁਰਜ ਜਵਾਹਰ ਸਿੰਘ ਦੇ ਗੁਰਦੁਆਰਾ ਸਾਹਿਬ ਤੋਂ ਪਾਵਨ ਗ੍ਰੰਥ ਚੋਰੀ ਹੋ ਗਏ ਸਨ। 24 ਸਤੰਬਰ 2015 ਨੂੰ ਇਸੇ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰਾਰਤੀ ਤੱਤਾਂ ਨੇ ਅਸ਼ਲੀਲ ਸ਼ਬਦਾਵਲੀ ਵਾਲਾ ਪੋਸਟਰ ਚਿਪਕਾ ਦਿੱਤਾ ਸੀ। 12 ਅਕਤੂਬਰ 2015 ਨੂੰ ਚੋਰੀ ਹੋਏ ਪਾਵਨ ਗ੍ਰੰਥ ਦੇ ਖੰਡਤ ਅੰਗ ਬਰਗਾੜੀ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਮਿਲੇ ਸਨ।

Posted By: Seema Anand