ਜੇਐੱਸ ਕਲੇਰ, ਜ਼ੀਰਕਪੁਰ : ਪੁਲਿਸ ਨੇ ਮੰਗਲਵਾਰ ਸਵੇਰੇ ਵੀ.ਆਈ.ਪੀ ਰੋਡ 'ਤੇ ਸਥਿੱਤ ਨਿਰਮਲ ਛਾਇਆ ਸੋਸਾਇਟੀ ਵਿਖੇ ਇੱਕ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ, ਜਿਸ ਦਾ ਉਦੇਸ਼ ਬਿਨਾਂ ਪੁਲਿਸ ਵੈਰੀਫਿਕੇਸ਼ਨ ਰਹਿ ਰਹੇ ਸਮਾਜ ਵਿਰੋਧੀ ਤੱਤਾਂ, ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਵਾਲੇ ਕਿਸੇ ਵੀ ਵਿਅਕਤੀ ਦੀ ਆਵਾਜਾਈ ਨੂੰ ਰੋਕਣ ਦਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹੁਕਮਾਂ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐਸ.ਐਸ.ਪੀ ਮੋਹਾਲੀ ਵਿਵੇਕ ਸ਼ੀਲ ਸੋਨੀ ਦੀ ਦੇਖ-ਰੇਖ ਅਤੇ ਉਨ੍ਹਾਂ ਦੀ ਅਗਵਾਈ ਹੇਠ ਵੀਆਈਪੀ ਰੋਡ 'ਤੇ ਸਥਿਤ ਨਿਰਮਲ ਛਾਇਆ ਹਾਊਸਿੰਗ ਸੁਸਾਇਟੀ ਵਿਖੇ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਇੱਕ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਤਹਿਤ ਸੁਸਾਇਟੀ ਦੇ ਸਾਰੇ ਫਲੈਟਾਂ ਦੀ ਚੈਕਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਰੋਕਣਾ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਭਵਿੱਖ ਵਿੱਚ ਵੀ ਅਜਿਹੀਆਂ ਮੁਹਿੰਮਾਂ ਜਾਰੀ ਰੱਖੇਗੀ। ਉਨ੍ਹਾਂ ਮਕਾਨ ਮਾਲਕਾਂ ਨੂੰ ਆਪਣੇ ਘਰਾਂ ਵਿੱਚ ਰੱਖੇ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਹੈ, ਉਨ੍ਹਾਂ ਕਿਹਾ ਕਿ ਲੋਕ ਆਪਣੇ ਆਂਢ-ਗੁਆਂਢ ਦਾ ਹਮੇਸ਼ਾ ਖਾਸ ਖਿਆਲ ਰੱਖਣ।

ਉਨ੍ਹਾਂ ਨੇ ਹੋਟਲ ਮਾਲਕਾਂ ਨੂੰ 15 ਅਗਸਤ ਦੇ ਮੱਦੇਨਜ਼ਰ ਕਿਸੇ ਨੂੰ ਵੀ ਕਮਰਾ ਕਿਰਾਏ 'ਤੇ ਦੇਣ ਤੋਂ ਪਹਿਲਾਂ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਕੋਈ ਵੀ ਸ਼ੱਕੀ ਦਿਸਣ ਨੇ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਐਸ.ਪੀ ਨਵਰੀਤ ਸਿੰਘ ਵਿਰਕ ਨੇ ਥਾਣਿਆਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਕੀਮਤ ’ਤੇ ਪਬਲਿਕ ਡੀਲਿੰਗ ਵਿੱਚ ਸੁਧਾਰ ਕਰਨਾ ਹੋਵੇਗਾ।

ਇਸ ਸਰਚ ਆਪ੍ਰੇਸ਼ਨ ਦੀ ਸ਼ਲਾਘਾ ਕਰਦਿਆਂ ਨਿਰਮਲ ਛਾਇਆ ਸੁਸਾਇਟੀ ਦੇ ਆਰ.ਡਬਲਯੂ.ਏ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਕਿਹਾ ਕਿ ਇਸ ਆਪ੍ਰੇਸ਼ਨ ਨੇ ਉਨ੍ਹਾਂ ਦੀ ਸੁਸਾਇਟੀ ਦੇ ਵਸਨੀਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ, ਜਿਸ ਵਿੱਚ ਆਰ.ਡਬਲਯੂ.ਏ. ਵੱਲੋਂ ਪੂਰਾ ਸਹਿਯੋਗ ਕੀਤਾ ਗਿਆ। ਇਸ ਮੌਕੇ ਡੀਐਸਪੀ ਸਪੈਸ਼ਲ ਸੈੱਲ ਨਰਿੰਦਰ ਚੌਧਰੀ, ਡੀਐਸਪੀ ਡੇਰਾਬਸੀ ਐਚ.ਐਸ ਖਹਿਰਾ, ਐਸ.ਐਚ.ਓ ਜ਼ੀਰਕਪੁਰ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ, ਐਸ.ਐਚ.ਓ ਢਕੋਲੀ ਹਰਦੀਪ ਸਿੰਘ, ਬਲਟਾਣਾ ਪੁਲੀਸ ਚੌਕੀ ਇੰਚਾਰਜ ਮਨਦੀਪ ਸਿੰਘ ਅਤੇ ਭਾਰੀ ਪੁਲਿਸ ਫੋਰਸ ਹਾਜ਼ਰ ਸੀ।

Posted By: Ramanjit Kaur