ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਇਥੋਂ ਦੀ ਹੈਬਤਪੁਰ ਰੋਡ 'ਤੇ ਅੱਜ ਦੇਰ ਸ਼ਾਮ ਇਕ ਨੌਜਵਾਨ ਦੀ ਤਲਾਸ਼ੀ ਲੈਣ ਨੂੰ ਲੈ ਕੇ ਪੁਲਿਸ ਤੇ ਕੁਝ ਨੌਜਵਾਨਾਂ ਦੀ ਤਕਰਾਰ ਹੋ ਗਈ। ਤਕਰਾਰ ਐਨੀ ਵਧ ਗਈ ਕਿ ਪੁਲਿਸ ਨੂੰ ਗੋਲ਼ੀ ਚਲਾਉਣੀ ਪੈ ਗਈ। ਪੁਲਿਸ ਵੱਲੋਂ ਚਲਾਈ ਗੋਲ਼ੀ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁਬਾਰਕਪੁਰ ਚੌਕੀ ਇੰਚਾਰਜ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਉਹ ਪੁਲਿਸ ਪਾਰਟੀ ਨਾਲ ਹੈਬਤਪੁਰ ਰੋਡ ’ਤੇ ਗਸ਼ਤ ਕਰ ਰਹੇ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਪਿੱਠੂ ਬੈੱਗ ਟੰਗੇ ਇਕ ਨੌਜਵਾਨ ਤੇ ਕੁੜੀ ਨੂੰ ਪੁੱਛਗਿਛ ਲਈ ਰੋਕਿਆ। ਜਦੋ ਨੌਜਵਾਨ ਦੇ ਬੈੱਗ ਦੀ ਤਲਾਸ਼ੀ ਲੈਣ ਦੀ ਗੱਲ ਆਖੀ ਤਾਂ ਉਸਦੇ ਨਾਲ ਖੜ੍ਹੀ ਕੁੜੀ ਪੁਲਿਸ ਨਾਲ ਖਹਿਬੜ ਪਈ। ਇਸ ਦੌਰਾਨ ਗਰਮਾ ਗਰਮੀ ਹੋ ਗਈ ਤੇ ਨੌਜਵਾਨ ਨੇ ਉਥੇ ਆਪਣੇ ਸਾਥੀ ਸੱਦ ਲਏ ਜਿਨ੍ਹਾਂ ਨੇ ਆਉਂਦੇ ਹੀ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਦੀ ਗੱਡੀ ਭੰਨ ਦਿੱਤੀ। ਪੁਲਿਸ ਪਾਰਟੀ ਮੌਕੇ ਤੋਂ ਆਪਣੀ ਜਾਨ ਬਚਾ ਕੇ ਭੱਜਣ ਲੱਗੀ ਤਾਂ ਉਨ੍ਹਾਂ ਨੇ ਪਿੱਛੇ ਭੱਜ ਕੇ ਪੁਲਿਸ ਪਾਰਟੀ ਨੂੰ ਘੇਰ ਲਿਆ। ਉਸ ਵੱਲੋਂ ਆਪਣੀ ਅਤੇ ਪੁਲਿਸ ਪਾਰਟੀ ਦੀ ਜਾਨ ਬਚਾਉਣ ਲਈ ਪਹਿਲਾਂ ਡਰਾਉਣ ਲਈ ਇਕ ਹਵਾਈ ਫਾਇਰ ਕੀਤਾ ਪਰ ਜਦੋ ਉਹ ਪਿੱਛੇ ਨਹੀਂ ਹਟੇ ਤਾਂ ਮਜ਼ਬੂਰੀ 'ਚ ਇਕ ਵਿਅਕਤੀ ਦੇ ਪੈਰ ਵਿੱਚ ਗੋਲ਼ੀ ਚਲਾਉਣੀ ਪਈ ਜਿਸ ਨਾਲ ਉਕਤ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ।

ਦੂਜੇ ਪਾਸੇ ਹਸਪਤਾਲ ਵਿੱਚ ਜ਼ਖ਼ਮੀ ਹਿਤੇਸ਼ ਨੇ ਦੱਸਿਆ ਕਿ ਉਸਦਾ ਜੀਜਾ ਤੇ ਭੈਣ ਹੈਬਤਪੁਰ ਰੋਡ ’ਤੇ ਖੜ੍ਹੇ ਸੀ ਜਿਸ ਦੌਰਾਨ ਪੁਲਿਸ ਪਾਰਟੀ ਆਈ ਜਿਨ੍ਹਾਂ ਨੇ ਬੈੱਗ ਦੀ ਤਲਾਸ਼ੀ ਲੈਣ ਨੂੰ ਲੈ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਉਸਦੀ ਭੈਣ ਨੇ ਉਸ ਨੂੰ ਮੌਕੇ ’ਤੇ ਸੱਦ ਲਿਆ ਜਿਥੇ ਪੁਲਿਸ ਨੇ ਉਸ ’ਤੇ ਗੋਲ਼ੀ ਚਲਾ ਦਿੱਤੀ। ਜਿਸ ਕਾਰਨ ਉਹ ਤੇ ਉਸ ਦੀਆਂ ਦੋ ਭੈਣਾਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੇ ਦੋਸ਼ ਲਾਇਆ ਕਿ ਗੋਲ਼ੀ ਚਲਾਉਣ ਵਾਲਾ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਵਿੱਚ ਸੀ।

Posted By: Jagjit Singh