ਸਤਵਿੰਦਰ ਸਿੰਘ ਧੜਾਕ, ਮੋਹਾਲੀ : ਮੋਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਹਰ 24 ਘੰਟੇ 'ਚ ਦੂਸਰੇ ਧਮਾਕੇ ਦੀ ਖ਼ਬਰ ਝੂਠੀ ਹੈ। ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਅਜਿਹਾ ਕੋਈ ਧਮਾਕਾ ਨਹੀਂ ਹੋਇਆ ਹੈ। ਇਹ ਸਿਰਫ਼ ਇਕ ਅਫ਼ਵਾਹ ਹੈ। ਮੁਹਾਲੀ 'ਚ ਸੋਮਵਾਰ ਦੇਰ ਸ਼ਾਮ ਹੋਏ ਧਮਾਕੇ ਤੋਂ ਬਾਅਦ ਚੰਡੀਗੜ੍ਹ ਤੇ ਪੰਜਾਬ 'ਚ ਹਾਈ ਅਲਰਟ ਹੈ।

ਐੱਸਐੱਸਪੀ ਐੱਸਐੱਸ ਨਗਰ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਮੁਹਾਲੀ ਖੁਫੀਆ ਦਫਤਰ ਦੇ ਬਾਹਰ ਦੂਜੇ ਧਮਾਕੇ ਦੀ ਖਬਰ ਜੋ ਕਿ ਕੁਝ ਰਾਸ਼ਟਰੀ ਪੱਧਰ ਦੇ ਨਿਊਜ਼ ਚੈਨਲਾਂ ਵੱਲੋਂ ਪ੍ਰਸਾਰਿਤ ਕੀਤੀ ਜਾ ਰਹੀ ਹੈ, ਬੇਬੁਨਿਆਦ ਅਤੇ ਝੂਠੀ ਹੈ। ਅਜਿਹੇ ਸੰਵੇਦਨਸ਼ੀਲ ਮੁੱਦਿਆਂ 'ਤੇ ਅਨੈਤਿਕ ਪੱਤਰਕਾਰੀ ਸਮਾਜ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਦੀ ਹੈ। ਉਨ੍ਹਾਂ ਨੇ ਇਸ ਖ਼ਬਰ ਦਾ ਪੁਰਜ਼ੋਰ ਖੰਡਨ ਕੀਤਾ ਕਿ ਅੱਜ ਮੋਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਦੂਜਾ ਧਮਾਕਾ ਹੋਇਆ ਹੈ। ਸੋਨੀ ਨੇ ਕਿਹਾ ਕਿ ਬੀਤੀ ਰਾਤ ਹੋਏ ਧਮਾਕੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਗਲਵਾਰ ਸਵੇਰੇ ਹਾਈ ਲੈਵਲ ਮੀਟਿੰਗ ਸੱਦੀ ਗਈ ਜਿਸ ਵਿਚ DGP ਪੰਜਾਬ ਵੀਕੇ ਭਾਵਰਾ ਤੋਂ ਇਲਾਵਾ ਸਾਰੇ ਪੁਲਿਸ ਅਧਿਕਾਰੀ ਮੌਜੂਦ ਸਨ। ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਟਵੀਟ ਕੀਤਾ ਗਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਤੇ ਕਈ ਹੋਰ ਰਹੀਆਂ ਹਨ। ਸ਼ਾਮ ਤਕ ਮਾਮਲਾ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਇਸ ਤੋਂ ਬਾਅਦ ਡੀਜੀਪੀ ਵੱਲੋਂ ਵੀ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਾਮ ਤਕ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਫੜੇ ਗਏ ਮੁਲਜ਼ਮਾਂ ਵੱਲੋਂ ਪੁੱਛਗਿੱਛ ਦੇ ਆਧਾਰ 'ਤੇ ਬਾਕੀਆਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।

Posted By: Seema Anand