ਸੀਨੀਅਰ ਰਿਪੋਰਟਰ, ਮੁਹਾਲੀ : ਐੱਨਆਰਆਈ ਔਰਤ ਦੀ ਸ਼ਿਕਾਇਤ ’ਤੇ ਮੁਹਾਲੀ ਦੇ ਐੱਨਆਰਆਈ ਪੁਲਿਸ ਸਟੇਸ਼ਨ ’ਚ ਜਲੰਧਰ ਵਾਸੀ ਚਰਨਜੀਤ ਸਿੰਘ ਚੰਨੀ ਸਮੇਤ ਉਸ ਦੀ ਪਤਨੀ ਅਤੇ ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੀਰਤ ਕੌਰ ਵਾਸੀ ਯੂਐੱਸਏ ਹਾਲ ਵਾਸੀ ਜੋਏ ਹੋਮਸ ਸੈਕਟਰ-85 ਮੁਹਾਲੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

ਸੀਰਤ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਹਰਪ੍ਰੀਤ ਸਿੰਘ, ਸਹੁਰਾ ਚਰਨਜੀਤ ਸਿੰਘ ਚੰਨੀ, ਸੱਸ ਪਰਮਿੰਦਰ ਕੌਰ ਸਾਰੇ ਵਾਸੀ ਕੋਠੀ ਨੰਬਰ-246 ਆਰ, ਮਾਡਲ ਟਾਊਨ, ਜਲੰਧਰ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮ ਭਗੌਡ਼ਾ ਹੈ ਜਿਸ ਨੇ ਮੁਹਾਲੀ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਪਰ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੀਰਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਹਰਪ੍ਰੀਤ ਸਿੰਘ ਨਾਲ 7 ਅਪ੍ਰੈਲ 2012 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਦੇ ਦੋ ਬੱਚੇ ਹਨ। ਵਿਆਹ ’ਚ ਕਰੀਬ 5 ਕਰੋਡ਼ ਰੁਪਏ ਖਰਚ ਹੋਏ ਸਨ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵੱਖ-ਵੱਖ ਸਮੇਂ ਉਸ ਤੋਂ ਪੈਸੇ, ਕੀਮਤੀ ਗਹਿਣੇ ਅਤੇ ਹੋਰ ਸਾਮਾਨ ਦੀ ਮੰਗ ਕਰਦੇ ਸਨ। ਸੀਰਤ ਆਪਣੇ ਪਰਿਵਾਰ ਤੋਂ ਨਕਦੀ, ਗਹਿਣੇ ਅਤੇ ਹੋਰ ਸਾਮਾਨ ਆਪਣੇ ਪਤੀ ਨੂੰ ਦਿੰਦੀ ਰਹੀ। ਇਸੇ ਦੌਰਾਨ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਲਿੰਗ ਨਿਰਧਾਰਨ ਟੈਸਟ ਲਈ ਅਮਰੀਕਾ ਭੇਜ ਦਿੱਤਾ।

ਸੀਰਤ ਅਨੁਸਾਰ 6 ਦਸੰਬਰ 2019 ਨੂੰ ਉਸ ਦੇ ਸਹੁਰੇ ਨੇ ਉਸ ਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਬੱਚਿਆਂ ਸਮੇਤ ਆਪਣੇ ਜੱਦੀ ਪਿੰਡ ਪਰਿਵਾਰ ਕੋਲ ਰਹਿਣ ਲਈ ਆ ਗਈ। ਉਸ ਦੇ ਪਤੀ ਹਰਪ੍ਰੀਤ ਸਿੰਘ ਨੇ 8 ਸਤੰਬਰ 2020 ਨੂੰ ਜਲੰਧਰ ਦੀ ਅਦਾਲਤ ਵਿਚ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਬਾਰੇ ਉਸ ਨੂੰ ਪਤਾ ਨਹੀਂ ਲੱਗਣ ਦਿੱਤਾ ਗਿਆ। 7 ਮਈ 2022 ਨੂੰ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਇਕਤਰਫਾ ਫੈਸਲਾ ਸੁਣਾਇਆ ਗਿਆ। ਜਦੋਂ ਉਸ ਦੇ ਪਤੀ ਹਰਪ੍ਰੀਤ ਸਿੰਘ ਨੇ ਅਦਾਲਤ ਵਿੱਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ ਤਾਂ ਹਰਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਤਲਾਕ ਦੇ ਮਾਮਲੇ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਉਣ ਦਿੱਤੀ।

ਦਰਜੇ ਕੀਤੇ ਗਏ ਕੇਸ ਅਨੁਸਾਰ ਹਰਪ੍ਰੀਤ ਸਿੰਘ ਆਪਣੀ ਪਤਨੀ ਸੀਰਤ ਨੂੰ ਅਮਰੀਕਾ ਆਉਣ ਦੇ ਲਾਰੇ ਲਗਾਉਂਦਾ ਰਹਿੰਦਾ ਸੀ। ਲੰਬੇ ਇੰਤਜ਼ਾਰ ਤੋਂ ਬਾਅਦ ਸੀਰਤ ਭਾਰਤ ਆਈ ਤਾਂ ਉਸ ਨੇ ਹਰਪ੍ਰੀਤ ਨਾਲ ਸੰਪਰਕ ਕੀਤਾ, ਜਿਸ ਨੇ ਕਿਹਾ ਕਿ ਇਹ ਇਕਤਰਫਾ ਤਲਾਕ ਹੈ, ਜਿਸ ਤੋਂ ਬਾਅਦ ਉਸ ਨੇ ਸਬੂਤਾਂ ਸਮੇਤ ਐੱਨਆਰਆਈ ਥਾਣੇ ’ਚ ਆਪਣੀ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ’ਤੇ ਸੀਰਤ ਦੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

Posted By: Jagjit Singh