ਰੋਹਿਤ ਕੁਮਾਰ, ਮੋਹਾਲੀ : ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਰਹਿੰਦੇ ਨੌਜਵਾਨਾਂ ਨੂੰ ਕਿਰਾਇਆ ਤੇ ਮਹਿੰਗੀਆਂ ਕਾਰਾਂ ਦੀਆਂ ਕਿਸ਼ਤਾਂ ਡਾਲਰਾਂ 'ਚ ਦੇਣੀਆਂ ਪੈ ਰਹੀਆਂ ਹਨ। ਨਿਊਜ਼ੀਲੈਂਡ ਸਰਕਾਰ (NewZealand Government) ਵੱਲੋਂ ਆਰਜ਼ੀ ਵੀਜ਼ਾ ਵਾਲਿਆਂ ਦੀ ਐਂਟਰੀ 'ਤੇ ਰੋਕ ਤੋਂ ਬਾਅਦ ਸੈਂਕੜੇ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ। ਕੋਈ ਵਰਕ ਵੀਜ਼ਾ ਤੇ ਕੋਈ ਸਟੱਡੀ ਵੀਜ਼ਾ 'ਤੇ ਨਿਊਜ਼ੀਲੈਂਡ ਗਿਆ ਸੀ, ਪਰ ਮਾਰਚ ਵਿਚ ਲਾਕਡਾਊਨ (Lockdown) ਤੋਂ ਬਾਅਦ ਵਾਪਸ ਨਹੀਂ ਜਾ ਸਕੇ। ਨਤੀਜੇ ਵਜੋਂ ਨੌਜਵਾਨਾਂ ਦੇ ਕੱਪੜਿਆਂ ਤੋਂ ਲੈ ਕੇ ਸਾਰਾ ਜ਼ਰੂਰੀ ਸਾਮਾਨ ਨਿਊਜ਼ੀਲੈਂਡ 'ਚ ਰਹਿ ਗਿਆ ਹੈ।

ਸੋਮਵਾਰ ਨੂੰ ਮੋਹਾਲੀ 'ਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਤੋਂ ਆਏ ਕਰੀਬ 150 ਨੌਜਵਾਨਾਂ ਨੇ ਲਈਅਰ ਵੈਲੀ (Leasure Valley) 'ਚ ਪ੍ਰਦਰਸ਼ਨ ਕੀਤਾ। ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ੀ ਮੰਤਰੀ ਨੂੰ ਇਸ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕੀਤੀ। ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਵੀ ਇਸ ਮਸਲੇ ਨੂੰ ਕੇਂਦਰ ਸਾਹਮਣੇ ਉਠਾਏ ਤਾਂ ਜੋ ਇਸ ਦਾ ਕੁਝ ਹੱਲ ਨਿਕਲ ਸਕੇ।

ਕਿਸ਼ਤਾਂ ਨਾ ਭਰੀਆਂ ਤਾਂ ਹੋ ਜਾਵਾਂਗੇ ਡਿਫਾਲਟਰ

ਪਟਿਆਲਾ ਤੋਂ ਆਏ ਜਗਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਲਾਕਡਾਊਨ ਤੋਂ ਬਾਅਦ ਭਾਰਤ 'ਚ ਫਸ ਗਏ ਹਨ। ਨਿਊਜ਼ੀਲੈਂਡ 'ਚ ਘਰ ਕਿਰਾਏ 'ਤੇ ਲੈ ਰੱਖਿਆ ਹੈ, ਉੱਥੇ ਹੀ ਕਾਰ ਖਰੀਦੀ ਸੀ, ਜਿਸ ਦੀਆਂ ਕਿਸ਼ਤਾਂ ਭਰਨੀਆਂ ਪੈ ਰਹੀਆਂ ਹਨ। ਹੁਣ ਇੱਥੇ ਰਹਿ ਕੇ ਵੀ ਇਹ ਸਭ ਚੁਕਾਉਣਾ ਪੈ ਰਿਹਾ ਹੈ ਕਿਉਂਕਿ ਜੇਕਰ ਨਹੀਂ ਚੁਕਾਵਾਂਗੇ ਤਾਂ ਡਿਫਾਲਟਰ ਹੋ ਜਾਵਾਂਗੇ। ਜਗਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਸਟੱਡੀ ਵੀਜ਼ਾ 'ਤੇ ਗਏ ਸਨ। ਬਾਅਦ 'ਚ ਤਿੰਨ ਸਾਲ ਦਾ ਵਰਕ ਵੀਜ਼ਾ ਵੀ ਮਿਲਿਆ, ਪਰ ਹੁਣ ਨਿਊਜ਼ੀਲੈਂਡ ਸਰਕਾਰ ਵਾਪਸ ਨਹੀਂ ਬੁਲਾ ਰਹੀ। ਜਗਦੀਪ ਨੇ ਕਿਹਾ ਕਿ ਜ਼ਰੂਰੀ ਸਾਮਾਨ ਵੀ ਉੱਥੇ ਪਿਆ ਹੈ।

ਸਟੱਡੀ ਤੇ ਵਰਕ ਵੀਜ਼ਾ ਦੇਣ ਦੀ ਮੰਗ

ਪ੍ਰਭਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਕੋਵਿਡ-19 ਕਾਰਨ ਹੱਦਾਂ ਦੇ ਬੰਦ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਦਾ ਵੀਜ਼ਾ ਖ਼ਤਮ ਹੋ ਚੁੱਕਾ ਹੈ, ਉਨ੍ਹਾਂ ਦਾ ਵੀਜ਼ਾ ਵਧਾਇਆ ਜਾਵੇ। ਜਿਨ੍ਹਾਂ ਕੋਲ ਵਰਕ ਵੀਜ਼ਾ ਜਾਂ ਸਟੱਡੀ ਵੀਜ਼ਾ ਹੈ, ਉਨ੍ਹਾਂ ਨੂੰ ਵਾਪਸ ਬੁਲਾਇਆ ਜਾਵੇ। ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਖ਼ਤਮ ਕਰਨ ਦੀ ਇਜਾਜ਼ਤ ਦਿਉ ਤੇ ਸਟੱਡੀ ਤੇ ਵਰਕ ਵੀਜ਼ਾ ਮੁਹੱਈਆ ਕਰਵਾਓ, ਉੱਥੇ ਹੀ ਇਸ ਵੇਲੇ ਪੰਜਾਬ 'ਚ ਇਕ ਹਜ਼ਾਰ ਦੇ ਕਰੀਬ ਅਜਿਹੇ ਨੌਜਵਾਨ ਹਨ ਜਿਹੜੇ ਨਿਊਜ਼ੀਲੈਂਡ ਵਾਪਸ ਨਹੀਂ ਜਾ ਪਾ ਰਹੇ ਹਨ। ਇਨ੍ਹਾਂ ਸਾਰਿਆਂ ਵੱਲੋਂ ਇਕ ਗਰੁੱਪ ਬਣਾਇਆ ਜਾ ਰਿਹਾ ਹੈ, ਤਾਂ ਜੋ ਸਰਕਾਰ ਤਕ ਆਪਣੀ ਆਵਾਜ਼ ਪਹੁੰਚਾ ਸਕੇ।

Posted By: Seema Anand