ਮਹਿਰਾ,ਖਰੜ : 19 ਅਪਰੈਲ ਨੂੰ ਹੋਣ ਵਾਲੀ ਨਗਰ ਕੌਂਸਲ ਖਰੜ ਦੀ ਪ੍ਰਧਾਨਗੀ ਦੀ ਚੋਣ ਅੱਜ ਉਸ ਸਮੇਂ ਰੱਦ ਹੋ ਗਈ। ਜਦੋਂ ਮੀਟਿੰਗ ਹਾਲ ਵਿੱਚ ਕਾਂਗਰਸ, ਅਕਾਲੀ ਦਲ ਅਤੇ ਅਜ਼ਾਦ ਉਮੀਦਵਾਰਾਂ ਵੱਲੋਂ ਸਹਿਮਤੀ ’ਤੇ ਰੌਲਾ ਪਾ ਦਿੱਤਾ ਗਿਆ। ਸ਼ਾਂਤੀ ਅਤੇ ਅਮਨ ਅਮਾਨ ਨੂੰ ਮੁੱਖ ਰੱਖਦਿਆਂ ਹਾਲਾਤਾਂ ਨੂੰ ਦੇਖਦੇ ਹੋਏ ਐਸ.ਡੀ.ਐਮ ਅਤੇ ਚੋਣ ਕਨਵੀਨਰ ਹਿਮਾਂਸ਼ੂੰ ਜੈਨ ਵੱਲੋਂ ਇਹ ਚੋਣ ਪ੍ਰਕਿਰਿਆ ਰੱਦ ਕਰਕੇ ਅਗਲੀ 3 ਮਈ ਨਿਰਧਾਰਿਤ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਹਿਮਾਂਸ਼ੂੰ ਜੈਨ ਨੇ ਦੱਸਿਆ ਕਿ ਨਗਰ ਕੌਂਸਲ ਖਰੜ ਦੀ ਪ੍ਰਧਾਨਗੀ ਲਈ ਅੱਜ ਹੋਣ ਵਾਲੀ ਚੋਣ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਟਿੰਗ ਹਾਲ ’ਚ ਮੌਜੂਦ ਕੌਂਸਲਰਾਂ ਵਲੋਂ ਨਾਅਰੇਬਾਜ਼ੀ, ਭੰਨਤੋੜ ਅਤੇ ਸਮਾਜਿਕ ਦੂਰੀਆਂ, ਕਰੋਨਾ ਵਾਈਰਸ ਦੇ ਬਚਾਅ ਲਈ ਸਾਰੇ ਨਿਯਮਾਂ ਨੂੰ ਦਰਕਿਨਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਹਾਲਾਤਾਂ ਨੂੰ ਦੇਖਦਿਆਂ ਇਹ ਚੋਣ ਪ੍ਰਕਿਰਿਆ ਰੱਦ ਕਰ ਦਿੱਤੀ ਗਈ। ਉਨਾਂ ਦੱਸਿਆ ਕਿ ਮੀਟਿੰਗ ਹਾਲ ਦੇ ਮਾਹੌਲ ਦੀ ਪੂਰੀ ਵੀਡੀਓਗ੍ਰਾਫ਼ੀ ਕੀਤੀ ਗਈ ਹੈ ਅਤੇ ਜਿਨ੍ਹਾਂ ਵੀ ਲਾਅ ਐਂਡ ਆਰਡਰ ਦੀ ਉਲੰਘਣਾ ਕੀਤਾ ਹੈ ਉਨਾਂ ਖਿਲਾਫ਼ ਪ੍ਰਸ਼ਾਸ਼ਨ ਵਲੋਂ ਕਾਰਵਾਈ ਕੀਤੀ ਜਾਵੇਗੀ।

ਨਗਰ ਕੌਂਸਲ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਦੌਰਾਨ ਹੋਈ ਭੰਨਤੋੜ ਅਤੇ ਹੱਲਾ ਕਰਨ ਦੇ ਦੋਸ਼ ਕਾਂਗਰਸੀ ਅਤੇ ਅਕਾਲੀ ਇੱਕ ਦੂਜੇ ’ਤੇ ਲਗਾਉਂਦੇ ਨਜ਼ਰ ਆਏ। ਇਸ ਮੌਕੇ ਕੌਂਸਲਰ ਰਾਜਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੀਆਂ ਧੱਕੇਸ਼ਾਹੀ ਚਲਾਉਣਾ ਚਾਹੁੰਦੀ ਹੈ ਉਨਾਂ ਦਾਅਵਾ ਕੀਤਾ ਕਿ ਉਨਾਂ ਕੋਲ ਆਜ਼ਾਦ ਉਮੀਦਵਾਰਾਂ ਦਾ ਬਹੁਮਤ ਸਪਸ਼ਟ ਅਤੇ ਅਜ਼ਾਦ ਉਮੀਦਵਾਰਾਂ ਨੇ ਬਹੁਮਤ ਸਪਸ਼ਟ ਕਰਨ ਲਈ ਕੇਸਰੀ ਪਹਿਰਾਵੇ ਪਹਿਨੇ ਹੋਏ ਸਨ ਜਿਹੜੇ ਕਿ ਕਾਂਗਰਸੀਆਂ ਨੂੰ ਚੰਗੇ ਨਹੀਂ ਲੱਗੇ ਅਤੇ ਕੌਂਸਲਰ ਸਹੁੰ ਚੁੱਕ ਤੋਂ ਬਾਅਦ ਜਦੋਂ ਕੌਂਸਲ ਪ੍ਰਧਾਨਗੀ ਲਈ ਵੋਟਿੰਗ ਹੋਣ ਲੱਗੀ ਤਾਂ ਕਾਂਗਰਸੀਆਂ ਨੇ ਸ਼ੋਰ ਅਤੇ ਭੰਨ ਤੋੜ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਕਾਂਗਰਸੀ ਕੌਂਸਲਰ ਰਾਜਬੀਰ ਰਾਜੀ ਨੇ ਕੌਂਸਲਰ ਹਰਿੰਦਰਪਾਲ ਸਿੰਘ ਜੌਲੀ ’ਤੇ ਦੋਸ਼ ਲਗਾਏ ਕਿ ਉਹ ਪ੍ਰਧਾਨਗੀ ਲਈ ਆਪਣੀ ਪਤਨੀ ਕੌਂਸਲਰ ਨਮਿਤਾ ਜੌਲੀ ਦੀ ਦਾਅਵੇਦਾਰੀ ਜਤਾਉਂਦਾ ਹੈ ਅਤੇ ਸਾਰਿਆਂ ਨੂੰ ਭੰਬਲਭੂੰਸੇ ਵਿੱਚ ਪਾਇਆ ਹੋਇਆ ਹੈ। ਉਨਾਂ ਕਿਹਾ ਕਿ ਕੌਂਸਲ ਚੋਣ ਨਤੀਜੇ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪ੍ਰਧਾਨਗੀ ਦੀ ਕੁਰਸੀ ਖ਼ਾਲੀ ਹੋਣ ਦਾ ਜਿੰਮੇਵਾਰ ਕੌਂਸਲਰ ਜੌਲੀ ਹੈ।

ਅਕਾਲੀ ਦਲ ਦੇ ਸਮਰਥਕਾਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤੀ ਜਮ ਕੇ ਨਾਰੇਬਾਜ਼ੀ ਅਤੇ ਦੋਸ਼ ਲਗਾਏ ਗਏ ਕਿ ਕੈਪਟਨ ਸਰਕਾਰ ਆਪਣੀ ਧੱਕੇਸ਼ਾਹੀ ਮੜਨਾ ਚਾਹੁੰਦੀ ਹੈ ਕਿਉਂਕਿ ਅਕਾਲੀਆਂ ਨੇ ਆਮਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨਾਲ ਮਿਲ ਕੇ 27 ਵਿੱਚੋਂ 15 ਕੌਂਸਲਰਾਂ ਦਾ ਬਹੁਮਤ ਪੇਸ਼ ਕਰਨਾ ਸੀ ਪਰੰਤੂ ਕੌਂਸਲ ਪ੍ਰਧਾਨ ਚੋਣ ਦੀ ਵੋਟਿੰਗ ਦੇ ਆਗਾਜ਼ ਤੋਂ ਪਹਿਲਾਂ ਹੀ ਮਾਹੌਲ ਖ਼ਰਾਬ ਕੀਤਾ ਗਿਆ ਜਿਸ ਕਾਰਨ ਇਹ ਕਾਰਵਾਈ ਅੱਗੇ ਪਈ ਹੈ। ਉਨਾਂ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਖਰੜ ਬਲਾਕ ਨਾਲ ਧੱਕੇਸ਼ਾਹੀ ਨਹੀਂ ਕਰ ਸਕਦੀ ਇਸ ਦਾ ਹਰਜਾਨਾ ਉਸ ਨੂੰ 2022 ਵਿੱਚ ਭੁਗਤਣਾ ਪਵੇਗਾ।

ਨਗਰ ਕੌਂਸਲਰ ਖਰੜ ਦੇ 27 ਜੇਤੂ ਕੌਂਸਲਰਾਂ ਵਿੱਚੋਂ 15 ਕੌਂਸਲਰ ਕੇਸਰੀ ਰੰਗ ਦੇ ਪਹਿਰਾਵੇ ਵਿੱਚ ਨਗਰ ਕੌਂਸਲ ਦੇ ਖ਼ਾਨਪੁਰ ਸਥਿਤ ਦਫ਼ਤਰ ਵਿੱਚ ਪਹੁੰਚੇ ਸਨ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ’ਚ ਖੂਬ ਚਰਚਾ ਸੀ ਕਿ ਇਹ 15 ਕੌਂਸਲਰ ਅਕਾਲੀ ਦਲ ਨਾਲ ਗੱਠਜੋੜ ਕਰਕੇ ਆਏ ਹੋਏ ਹਨ ਅਤੇ ਇਸ ਵਾਰ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ’ਤੇ ਅਕਾਲੀ ਹੀ ਬੈਠੇਗਾ। ਇਨਾਂ ਕੌਂਸਲਰਾਂ ਵਿੱਚੋਂ 9 ਅਕਾਲੀ ਅਤੇ 5 ਅਜ਼ਾਦ ਅਤੇ 1 ਆਮ ਆਦਮੀ ਪਾਰਟੀ ਨਾਲ ਸਬੰਧਤ ਕੌਂਸਲਰ ਸੀ।

Posted By: Tejinder Thind