ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਦੇ ਸੀ ਆਈ ਏ ਸਟਾਫ ਵੱਲੋਂ ਇੰਟਰਨੈਸ਼ਨਲ ਮਨੁੱਖੀ ਤਸਕਰ ਅਤੇ ਕਿੱਡਨੈਪਰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2 ਕਰੋੜ 13 ਲੱਖ ਰੁਪਏ ਨਕਦ ਅਤੇ 64 ਤੋਲ਼ੇ ਸੋਨਾ ਕੀਤਾ ਬਰਾਮਦ ਕੀਤਾ ਹੈ।

ਜ਼ਿਲ੍ਹਾ ਪੁਲਿਸ ਮੁਖੀ ਡਾ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਸ਼ਿਕਾਇਤ 'ਤੇ ਬਲੌਗੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਤਫਤੀਸ਼ ਕਰਨ 'ਤੇ ਪਤਾ ਲੱਗਾ ਕਿ ਕੁਝ ਵਿਅਕਤੀ ਪੰਜਾਬ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਭੋਲ਼ੇ-ਭਾਲ਼ੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਸਿੰਘਾਪੁਰ ਅਤੇ ਇੰਡੋਨੇਸ਼ੀਆ ਵਿੱਚ ਕਿੱਡਨੈਪ ਕਰਕੇ ਤਸ਼ੱਦਦ ਢਾਹ ਕੇ ਸਰੀਰਿਕ ਸ਼ੋਸ਼ਣ ਕਰਦੇ ਹਨ ਅਤੇ ਗੰਨ ਪੁਆਇੰਟ ‘ਤੇ ਵਿਆਕਤੀਆਂ ਤੋਂ ਘਰਦਿਆਂ ਨੂੰ ਫੋਨ ਕਰਵਾ ਕੇ ਫ਼ਿਰੌਤੀ ਦੀ ਮੰਗ ਕਰਦੇ ਹਨ।

ਡਾ. ਗਰਗ ਨੇ ਦੱਸਿਆ ਕਿ ਇਹ ਤਸਕਰ ਆਪਣੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਇਨ੍ਹਾਂ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਅਤੇ ਸਾਰੇ ਪੈਸੇ ਬਾਅਦ ਵਿਚ ਲੈਣ ਦੀ ਗੱਲ ਕਰਕੇ ਇੰਡੋਨੇਸ਼ੀਆ ਅਤੇ ਸਿੰਘਾਪੁਰ ਦੀ ਟਿਕਟ ਅਤੇ ਹੋਟਲ ਬੁੱਕ ਕਰਵਾ ਦਿੰਦੇ ਸਨ ਅਤੇ ਉ਼ਥੇ ਬੈਠੇ ਸੰਨੀ ਕੁਮਾਰ (ਇੰਡੋਨੇਸ਼ੀਆ) ਅਤੇ ਜਸਵੀਰ ਸਿੰਘ ਉਰਫ ਸੰਜੇ (ਸਿੰਘਾਪੁਰ) ਇਨ੍ਹਾਂ ਵਿਅਕਤੀਆਂ ਨੂੰ ਕਿਡਨੈਪ ਕਰਕੇ ਬੰਦ ਕਮਰੇ ਵਿੱਚ ਤਸ਼ੱਦਦ ਢਾਹ ਕੇ ਸਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ‘ਤੇ ਡਰਾ ਧਮਕਾ ਕੇ ਦੋ ਹਫਤਿਆਂ ਬਾਅਦ ਘਰਦਿਆਂ ਨੂੰ ਫੋਨ ਕਰਵਾਉਂਦੇ ਸਨ ਕਿ ਅਸੀਂ ਮੈਕਸੀਕੋ ਪਹੁੰਚ ਗਏ ਹਾਂ ਅਤੇ 40 ਲੱਖ ਇਹਨਾਂ ਏਜੰਟਾਂ ਨੂੰ ਦੇ ਦੇਵੋ, ਜੋ ਘਰ ਵਾਲੇ ਪੰਜਾਬ ਵਿੱਚ ਬੈਠੇ ਮਨੁੱਖੀ ਤਸਕਰ ਬਲਦੀਸ਼ ਕੌਰ, ਵੀਨਾ, ਸਾਹਿਲ ਭੱਟੀ, ਸੋਮ ਰਾਜ ਅਤੇ ਗੁਰਜੀਤ ਸਿੰਘ ਉਰਫ ਮੰਗਾ, ਸੋਨੀਆਂ, ਅਭਿਸ਼ੇਕ, ਮਲਕੀਤ ਸਿੰਘ, ਟੋਨੀ, ਭੁਪਿੰਦਰ ਸਿੰਘ ਉਰਫ ਭਿੰਦਾ, ਸੰਦੀਪ ਆੜਤੀਆ ਅਤੇ ਸੁਮਨ ਵੱਲੋਂ ਵੱਖ-ਵੱਖ ਮਾਰਕਾ ਦੇ ਫੋਨਾਂ ਰਾਹੀਂ ਤਾਲਮੇਲ ਕਰਕੇ ਦੱਸੀ ਥਾਂ ‘ਤੇ ਪੈਸੇ ਵਸੂਲ ਕਰ ਲੈਂਦੇ ਸਨ।

ਇਸ ਸਬੰਧੀ ਮੁਹਾਲੀ ਪੁਲਿਸ ਵੱਲੋਂ ਹੈਲਪ ਲਾਈਨ ਨੰਬਰ 99140-55677 ਅਤੇ 95019-9118 ਵੀ ਜਾਰੀ ਕੀਤੇ ਗਏ ਹਨ ਤਾਂ ਜੋ ਹੋਰ ਕੋਈ ਵੀ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ ਤਾਂ ਇਨ੍ਹਾਂ ਨੰਬਰਾਂ ਤੇ ਪੁਲਿਸ ਨਾਲ ਸੰਪਰਕ ਕੀਤਾ ਜਾ ਸਕੇ।

Posted By: Jagjit Singh