MLA ਕੁਲਵੰਤ ਸਿੰਘ ਦਾ ਬੇਟਾ ਬਣਿਆ ਮੁਹਾਲੀ ਦਾ ਮੇਅਰ, ਆਰਪੀ ਸ਼ਰਮਾ ਸੀਨੀ. ਡਿਪਟੀ ਮੇਅਰ ਤੇ ਹਰਪਾਲ ਸਿੰਘ ਚੰਨਾ ਡਿਪਟੀ ਮੇਅਰ ਬਣੇ
AAP MLA ਕੁਲਵੰਤ ਸਿੰਘ ਦਾ ਬੇਟਾ ਮੁਹਾਲੀ ਦਾ ਨਵਾਂ ਮੇਅਰ ਬਣਿਆ ਹੈ। ਸਰਬਜੀਤ ਸਿੰਘ ਸਮਾਣਾ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸੰਨੀ ਅਹਲੂਵਾਲੀਆ ਦੋ ਪ੍ਰਮੁੱਖ ਦਾਅਵੇਦਾਰ ਸਨ।
Publish Date: Tue, 09 Jun 2026 03:01 PM (IST)
Updated Date: Tue, 09 Jun 2026 03:53 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ: ਆਖਰਕਾਰ ਮੁਹਾਲੀ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕੁਲਵੰਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਸਮਾਣਾ (Sarabjit Singh Samana) ਮੁਹਾਲੀ ਦਾ ਮੇਅਰ ਬਣ ਹੀ ਗਿਆ। ਆਰਪੀ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਸਾਬਕਾ ਮੀਤ ਪ੍ਰਧਾਨ ਹਰਪਾਲ ਸਿੰਘ ਚੰਨਾ ਨੂੰ ਡਿਪਟੀ ਮੇਅਰ ਬਣਾਇਆ ਗਿਆ। ਇਹ ਦੋਵੇਂ ਵੀ ਵਿਧਾਇਕ ਧੜੇ ਦੇ ਕੌਂਸਲਰ ਹਨ। ਇਹ ਚੋਣ ਹਾਊਸ 'ਚ ਕੌਂਸਲਰਾਂ ਦੇ ਹੱਥ ਖੜ੍ਹੇ ਕਰਵਾ ਕੇ ਕੀਤੀ ਗਈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਮੇਤ ਕੈਬਨਿਟ ਮੰਤਰੀ ਅਮਨ ਅਰੋੜਾ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਅਤੇ ਡਵੀਜ਼ਨਲ ਕਮਿਸ਼ਨਰ ਮਨਵੇਸ ਸਿੰਘ ਸਿੱਧੂ ਵੀ ਮੌਜੂਦ ਸਨ।
ਕਾਂਗਰਸ ਪਾਰਟੀ ਦੇ ਕੌਂਸਲਰ ਬਾਈਕਾਟ ਕਰ ਕੇ ਹਾਊਸ 'ਚੋਂ ਬਾਹਰ ਆ ਗਏ।
ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਵਿਧਾਇਕ ਕੁਲਵੰਤ ਸਿੰਘ ਨਾਲ ਇੱਕੋ ਸਮੇਂ ਇਕੱਠੇ ਪਹੁੰਚੇ।
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸੰਨੀ ਅਹਲੂਵਾਲੀਆ ਦੋ ਪ੍ਰਮੁੱਖ ਦਾਅਵੇਦਾਰ ਸਨ। ਹਾਲਾਂਕਿ ਇਨਸਾਫ ਪਸੰਦ ਵਿਅਕਤੀਆਂ ਤੇ ਆਪ ਵਲੰਟੀਅਰਾਂ ਵੱਲੋਂ ਸਮਾਣਾ ਦੇ ਮੇਅਰ ਬਣਨ ਦੀਆਂ ਪੋਸਟਾਂ ਅਪਲੋਡ ਕਰ ਕੇ ਸੋਸ਼ਲ ਮੀਡੀਆ 'ਤੇ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਪਹਿਲਾਂ ਹੀ ਆਇਆ ਹੋਇਆ ਹੈ।