ਜੇਐੱਨਐੱਨ, ਜ਼ੀਰਕਪੁਰ : ਇਕ ਪਾਸੇ ਮਿੰਨੀ ਲਾਕਡਾਊਨ ਕਾਰਨ ਕਾਰੋਬਾਰ ਠੱਪ ਹੋ ਰਿਹਾ ਹੈ ਤਾਂ ਦੂਸਰੇ ਪਾਸੇ ਜ਼ੀਰਕਪੁਰ ਖੇਤਰ ’ਚ 2 ਮਹੀਨਿਆਂ ਤੋਂ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਹੈ। ਲੋਕਾਂ ਨੂੰ ਪਾਵਰਕਾਮ ਵੱਲੋਂ ਇਕੱਠਾ ਬਿਜਲੀ ਬਿੱਲ ਭੇਜਣ ਦਾ ਡਰ ਸਤਾ ਰਿਹਾ ਹੈ। ਇਸਨੂੰ ਲੈ ਕੇ ਸ਼ਹਿਰ ਦੇ ਲੋਕਾਂ ਨੇ ਟਵਿੱਟਰ ’ਤੇ ਮੁਹਿੰਮ ਵੀ ਚਲਾਈ। ਬਾਵਜੂਦ ਇਸਦੇ ਲੋਕਾਂ ਕੋਲ ਬਿਜਲੀ ਦਾ ਬਿੱਲ ਨਹੀਂ ਪਹੁੰਚ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਬਿਜਲੀ ਦੇ ਰੇਟ ਸਭ ਤੋਂ ਵੱਧ ਹਨ ਪਰ ਇਸਦੇ ਬਦਲੇ ’ਚ ਸੁਵਿਧਾਵਾਂ ਜ਼ੀਰੋ ਦੇ ਬਰਾਬਰ ਹਨ।

ਵਿਭਾਗ ਵੱਲੋਂ ਐਲਾਨੇ ਬਿਜਲੀ ਕੱਟ ਲਗਾ ਦਿੱਤੇ ਜਾਂਦੇ ਹਨ। ਸਮੱਸਿਆਵਾਂ ਦੇ ਸਮੇਂ ’ਤੇ ਹੱਲ ਨਹੀਂ ਕੀਤਾ ਜਾਂਦਾ। ਲੋਕਾਂ ਦਾ ਦੋਸ਼ ਹੈ ਕਿ ਪਾਵਰਕਾਮ ਜਾਣਬੁੱਝ ਕੇ ਬਿਜਲੀ ਦੇ ਬਿੱਲ ਨਹੀਂ ਭੇਜ ਰਿਹਾ ਤਾਂਕਿ ਉਪਭੋਗਤਾ ਰਿਆਇਤ ਵਾਲੇ ਸਲੈਬ ’ਚ ਨਾ ਆਏ ਤੇ ਵਿਭਾਗ ਜ਼ਿਆਦਾਤਰ ਰੇਟ ਦੇ ਅੰਤਰਗਤ ਬਿਜਲੀ ਬਿੱਲ ਵਸੂਲ ਸਕੇ। ਇਹ ਲੋਕਾਂ ਨਾਲ ਕੀਤਾ ਜਾ ਰਿਹਾ ਵੱਡਾ ਘੋਟਾਲਾ ਹੈ ਅਤੇ ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਲੋਕਾਂ ਨੂੰ ਪੀਐੱਸਪੀਸੀਐੱਲ ਦੀ ਐਪ ’ਤੇ ਵੀ ਬਿਜਲੀ ਦੇ ਬਿੱਲ ਦੀ ਜਾਣਕਾਰੀ ਨਹੀਂ ਮਿਲ ਰਹੀ। ਉਪਭੋਗਤਾ ਬਿਜਲੀ ਦਫ਼ਤਰ ਤੋਂ ਬਿੱਲ ਕੱਢ ਕੇ ਔਸਤ ਬਿੱਲ ਦਾ ਭੁਗਤਾਨ ਕਰ ਰਹੇ ਹਨ।

ਲੋਕਾਂ ਦਾ ਦੋਸ਼ ਹੈ ਕਿ ਪਾਵਰਕਾਮ ਦੇ ਅਧਿਕਾਰੀ ਤੇ ਕਰਮਚਾਰੀ ਬਾਅਦ ’ਚ ਹਜ਼ਾਰਾਂ ਦਾ ਬਿੱਲ ਭੇਜਣਗੇ। ਲੋਕਾਂ ਨੇ ਦੱਸਿਆ ਕਿ ਬਿੱਲ ’ਚ ਗਲ਼ਤੀ ਹੋਣ ’ਤੇ ਕਈ ਵਾਰ ਬਿਜਲੀ ਦਫ਼ਤਰ ਦੇ ਚੱਕਰ ਲਗਾਉਂਦੇ ਪੈਂਦੇ ਹਨ। ਇਸ ਤੋਂ ਬਾਅਦ ਗਲ਼ਤ ਬਿੱਲ ’ਚ ਸੁਧਾਰ ਹੁੰਦਾ ਹੈ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨਾਲ ਗੱਲ ਕੀਤੀ ਜਾ ਚੁੱਕੀ ਹੈ, ਪਰ ਬਿੱਲ ਨਹੀਂ ਭੇਜੇ ਜਾ ਰਹੇ ਹਨ।

Posted By: Ramanjit Kaur