ਸੀਨੀਅਰ ਰਿਪੋਰਟਰ, ਮੋਹਾਲੀ : ਸਿੱਖਿਆ ਵਿਭਾਗ ਆਪਣੇ ਹਰ ਦਿਨ ਨਿਵੇਕਲੇ ਯਤਨਾਂ ਸਦਕਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਅਤੇ ਯਤਨਸ਼ੀਲ ਹੈ। ਇਸੇ ਲਗਾਤਾਰਤਾ ਤਹਿਤ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਸਾਹਿਤਕ ਕਿਤਾਬਾਂ ਪੜ੍ਹਣ ਦੀ ਰੁਚੀ ਵਿਕਸਿਤ ਕਰਨ ਲਈ 15 ਜੁਲਾਈ ਤੋਂ 15 ਅਗਸਤ ਤੱਕ ਲਾਇਬ੍ਰੇਰੀ ਦੀਆਂ ਕਿਤਾਬਾਂ ਜਾਰੀ ਕਰਨ ਅਤੇ ਉਨ੍ਹਾਂ ਨੂੰ ਪੜ੍ਹਨ ਦੀ ਇਕ ਮਹੀਨਾਵਾਰ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਬੜਾ ਹੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਮੁੱਖ ਦਫ਼ਤਰ ਦੇ ਅਧਿਕਾਰੀਆਂ ਨੇ ਪਹਿਲਕਦਮੀ ਵਿਖਾਉਂਦੇ ਹੋਏ ਆਪਣੇ ਘਰਾਂ ਵਿੱਚ ਪਈਆਂ ਬੱਚਿਆਂ ਦੇ ਪੜ੍ਹਣਯੋਗ ਕਿਤਾਬਾਂ ਵੀ ਸਕੂਲਾਂ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸੰਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਗਿਆਨ ਜਿੰਨਾ ਵੰਡਿਆ ਜਾਵੇ ਓਨਾ ਹੀ ਵੱਧਦਾ ਹੈ। ਇਸ ਲਈ ਸਮਾਜ ਦੇ ਹਰ ਵਿਦਵਾਨ ਨਾਗਰਿਕ ਨੂੰ ਆਪਣੇ ਘਰ ਪਏ ਕਿਤਾਬਾਂ ਰੂਪੀ ਗਿਆਨ ਦੇ ਖ਼ਜ਼ਾਨੇ ਦੀ ਯੋਗ ਵਰਤੋਂ ਕਰਦੇ ਹੋਏ ਸਰਕਾਰੀ ਸਕੂਲਾਂ ਵਿੱਚ ਦੇਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਵਿੱਚ ਗਿਆਨ ਦੀ ਚਿਣਗ ਜਗਾ ਕੇ ਭਵਿੱਖ ਨੂੰ ਰੁਸ਼ਨਾਇਆ ਜਾ ਸਕੇ।

ਇਸ ਸੰਬੰਧੀ ਡਿਪਟੀ ਐੱਸਪੀ (ਡੀ) ਸੰਦੀਪ ਨਾਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਹਮੇਸ਼ਾ ਹੀ ਸਕੂਲਾਂ 'ਚ ਲਾਇਬ੍ਰੇਰੀ ਦੀ ਯੋਗ ਵਰਤੋਂ ਨੂੰ ਅਹਿਮੀਅਤ ਦਿੰਦੇ ਹਨ ਅਤੇ ਵੱਖ-ਵੱਖ ਸਕੂਲਾਂ ਵਿੱਚ ਉਹਨਾਂ ਦੇ ਪ੍ਰੇਰਨਾਦਾਇਕ ਦੌਰੇ ਦਾ ਇੱਕ ਮਨੋਰਥ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਲਾਇਬ੍ਰੇਰੀ ਨਾਲ਼ ਜੁੜਨ ਲਈ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਪ੍ਰਾਇਮਰੀ ਸਕੂਲਾਂ ਵਿੱਚ ਸੋਹਣੇ ਰੀਡਿੰਗ ਸੈੱਲਾਂ ਅਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਸੋਹਣੀਆਂ ਲਾਇਬ੍ਰੇਰੀਆਂ ਦੀ ਸਥਾਪਨਾ ਹੋਈ ਹੈ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਣ ਦੀ ਚੇਟਕ ਲੱਗੀ ਹੈ। ਲਾਇਬ੍ਰੇਰੀ ਦੀਆਂ ਕਿਤਾਬਾਂ ਵਰਤੋਂ 'ਚ ਆਉਣ ਸਦਕਾ ਵਿਦਿਆਰਥੀਆਂ ਦੇ ਗਿਆਨ ਦਾ ਸੰਗ੍ਰਹਿ ਵੀ ਪ੍ਰਪੱਕ ਅਤੇ ਅਥਾਹ ਬਣ ਰਿਹਾ ਹੈ। ਇਸੇ ਰੁਝਾਨ ਤਹਿਤ ਸਿੱਖਿਆ ਵਿਭਾਗ ਦੇ ਪ੍ਰੇਰਨਾਤਮਕ ਦਿਸ਼ਾ-ਨਿਰਦੇਸ਼ਾਂ ਸਦਕਾ ਇਸ ਵਰ੍ਹੇ 23 ਅਪਰੈਲ ਨੂੰ ਸਮੂਹ ਸਕੂਲਾਂ ਵਿੱਚ ਅੰਤਰਰਾਸ਼ਟਰੀ ਕਿਤਾਬ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਸੀ। ਵਿਭਾਗ ਵੱਲੋਂ ਇਸੇ ਲੜੀ ਤਹਿਤ ਸਰਕਾਰੀ ਸਕੂਲਾਂ ਦੇ ਸਮੁੱਚੇ ਲਾਇਬ੍ਰੇਰੀ ਅਮਲੇ ਦੀ ਸਿਖਲਾਈ ਵਰਕਸ਼ਾਪ ਲਗਾਉਣਾ ਵੀ ਸਕੂਲਾਂ ਵਿੱਚ ਲਾਇਬ੍ਰੇਰੀ ਦੀ ਸੁਚੱਜੀ ਵਰਤੋਂ ਕਰਨ ਨੂੰ ਉਤਸ਼ਾਹਿਤ ਕਰਨਾ ਹੈ। ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਨਵੀਆਂ ਬਾਲ ਪੁਸਤਕਾਂ ਖਰੀਦਣ ਲਈ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ।

Posted By: Seema Anand