ਪੰਜਾਬੀ ਜਾਗਰਣ ਟੀਮ, ਮੋਹਾਲੀ : ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦਫ਼ਤਰੀ ਮੁਲਾਜ਼ਮਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਲੰਬੇ ਸਮੇਂ ਤੋਂ ਕੀਤੇ ਵਾਅਦਿਆਂ ਦੇ ਪੂਰੇ ਨਾ ਹੋਣ ਤੋਂ ਮੁਲਾਜ਼ਮਾਂ ਨੂੰ ਲਾਅਰੇ ਲਗਾ ਕੇ ਲੋਲੀਪੋਪ ਦੇ ਰਹੇ ਹਨ, ਜਿਸ ਕਰਕੇ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਮੁੁਲਾਜ਼ਮ 12 ਦਸੰਬਰ ਨੂੰ ਸੂਬਾ ਪੱਧਰੀ ਇਕੱਠ ਕਰਕੇ ਸਿੱਖਿਆ ਮੰਤਰੀ ਦੇ ਵਾਅਦਿਆਂ ਦੇ ਲਾਲੀਪੌਪ ਸਿੱਖਿਆ ਮੰਤਰੀ ਨੂੰ ਵਾਪਿਸ ਮੋੜਨ ਉਨ੍ਹਾਂ ਦੇ ਘਰ ਸੰਗਰੂਰ ਜਾਣਗੇ। ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਵਿਭਾਗ ਵਿਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕਾ ਤਾਂ ਕੀਤਾ ਹੈ ਪਰ ਹਰ ਵਾਰ ਦਫ਼ਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਾਲ 2018 ਦੌਰਾਨ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ 1 ਅਪ੍ਰੈਲ 2018 ਤੋਂ ਵਿਭਾਗ ਵਿਚ ਪੱਕੇ ਕਰ ਦਿੱਤਾ ਗਿਆ ਪਰ ਇਸ ਵਾਰ ਵੀ ਦਫ਼ਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਜਿਸ 'ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਸਿਰਫ ਅਧਿਆਪਕਾਂ ਦਾ ਹੀ ਵਿਭਾਗ ਹੈ ਤੇ ਇਸ 'ਚ ਸਿਰਫ ਤੇ ਸਿਰਫ ਅਧਿਆਪਕਾਂ ਦੀ ਹੀ ਸੁਣਵਾਈ ਹੁੰਦੀ ਹੈ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂ ਵਿਕਾਸ ਕੁਮਾਰ, ਆਸ਼ੀਸ਼ ਜੁਲਾਹਾ, ਪਰਵੀਨ ਸ਼ਰਮਾਂ ਰਜਿੰਦਰ ਸਿੰਘ ਸੰਧਾ, ਗੁਰਪ੍ਰੀਤ ਸਿੰਘ ਚਮਕੋਰ ਸਿੰਘ, ਦਵਿੰਦਰਜੀਤ ਸਿੰਘ,ਸਰਬਜੀਤ ਸਿੰਘ ਟੁਰਨਾ, ਹਰਪ੍ਰੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੋਰਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਅਣਗਿਣਤ ਮੀਟਿੰਗ ਹੋਈਆਂ ਹਨ। ਜਿਸ 'ਚ ਹਰ ਵਾਰ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅਸੀਂ ਤੁਹਾਨੂੰ ਪੱਕਾ ਕਰਨ ਲਈ ਕਾਰਵਾਈ ਕਰ ਰਹੇ ਹਾਂ ਅਤੇ ਅਗਲ਼ੀ ਕੈਬਿਨਟ ਮੀਟਿੰਗ ਵਿਚ ਤੁਹਾਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਸਿੱਖਿਆ ਮੰਤਰੀ ਦੇ ਇਹ ਲਾਅਰੇ ਸੁਣਦੇ-ਸੁਣਦੇ ਢਾਈ ਸਾਲ ਬੀਤ ਗਏ ਹਨ ਤੇ ਮੁਲਾਜ਼ਮਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿੱਤ ਵਿਭਾਗ ਵੱਲੋਂ ਦਸੰਬਰ 2019 ਵਿਚ ਪ੍ਰਵਾਨਗੀ ਮਿਲ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਇਕ ਸਾਲ ਬੀਤਣ ਨੂੰ ਆਇਆ ਹੈ ਤੇ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਨਾ ਤਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਉਲਟਾ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਕਟੌਤੀ ਕੀਤੀ ਜਾ ਰਹੀ ਹੈ, ਜਿਸ ਤੋਂ ਸਮੂਹ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ 12 ਦਸੰਬਰ ਨੂੰ ਸੂਬੇ ਭਰ ਦੇ ਮੁਲਾਜ਼ਮ ਸੰਗਰੂਰ ਵਿਖੇ ਇਕੱਠੇ ਹੋ ਕੇ ਸਿੱਖਿਆ ਮੰਤਰੀ ਦੇ ਘਰ ਵੱਲ ਮਾਰਚ ਕਰਨਗੇ।

Posted By: Amita Verma