ਜੇਐੱਸ ਕਲੇਰ, ਜ਼ੀਰਕਪੁਰ : ਕਿਸਾਨ ਮਾਰੂ ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਦੇ ਦਿੱਲੀ 'ਚ ਲਗਾਏ ਧਰਨੇ ਦੇ ਹੱਕ ਵਿੱਚ ਅੱਜ ਪਟਿਆਲਾ ਰੋਡ 'ਤੇ ਸਥਿੱਤ ਗੁਰੂਦਵਾਰਾ ਸਿੰਘ ਸਭਾ ਤੋਂ ਖੇਤਰ ਦੀਆਂ ਸਮੂਹ ਕਮੇਟੀਆਂ ਨੇ ਰੋਸ ਮਾਰਚ ਕੱਢਿਆ। ਇਸ ਰੋਸ ਮਾਰਚ 'ਚ ਖੇਤਰ ਦੀਆਂ ਸਮਾਜਿਕ ਜੱਥੇਬੰਦੀਆਂ, ਰਾਜਨੀਤਕ ਆਗੂਆਂ ਤੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਧਰਨੇ ਦੀ ਅਗਵਾਈ ਬਾਦਲ ਕਲੋਨੀ ਦੇ ਗੁਰੂਦਵਾਰਾ ਸਾਹਿਬ ਦੇ ਪ੍ਰਧਾਨ ਗੁਰਿੰਦਰ ਸਿੰਘ ਸੰਧੂ ਨੇ ਕੀਤੀ, ਜਿਸ 'ਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਨਵਜੋਤ ਸਿੰਘ ਸੈਣੀ ਤੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੋਧਰੀ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਰੋਸ ਮਾਰਚ ਕੱਢ ਰਹੀ ਸਿੱਖ ਸੰਗਤ ਤੇ ਨੌਜਵਾਨਾਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਪਾਸ ਕੀਤਾ ਹੈ।

ਉਸ ਦੇ ਵਿਰੋਧ 'ਚ ਇਹ ਰੋਸ ਮਾਰਚ ਕੱਢਿਆ ਗਿਆ ਹੈ ਤੇ ਉਨ੍ਹਾਂ ਇਹ ਬਿੱਲ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ’ਚ ਕਾਮਯਾਬ ਹੋ ਗਈ ਤਾਂ ਨਾ ਸਿਰਫ਼ ਕਿਸਾਨ ਤੇ ਖੇਤ ਮਜ਼ਦੂਰ ਬਰਬਾਦ ਹੋਣਗੇ, ਬਲਕਿ ਆੜ੍ਹਤੀ, ਮੁਨੀਮ, ਪੱਲੇਦਾਰ, ਟਰਾਂਸਪੋਰਟਰ, ਖਾਦ ਅਤੇ ਪੈਸਟੀਸਾਈਡ ਵਿਕਰੇਤਾ, ਖੇਤੀਬਾੜੀ ਲਈ ਕਹੀ ਤੋਂ ਲੈ ਕੇ ਕੰਬਾਈਨ ਤਕ ਬਣਾਉਣ ਵਾਲੀ ਹਰ ਤਰ੍ਹਾਂ ਦੀ ਇੰਡਸਟਰੀ ਸਮੇਤ ਦੁਕਾਨਦਾਰ ਇਨ੍ਹਾਂ ਕਾਲੇ ਕਾਨੂੰਨਾਂ ਦੀ ਭੇਟ ਚੜ੍ਹਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੰਸਦ ਅੰਦਰ ਇਹ ਖੇਤੀ ਬਿੱਲ ਪਾਸ ਕਰਵਾ ਕੇ ਕਿਸਾਨ ਭਰਾਵਾਂ ਨਾਲ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਭਾਰੀ ਖਿਲਵਾੜ ਕੀਤਾ ਗਿਆ ਹੈ।

ਇਸ ਮੌਕੇ ਗੁਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਨੂੰ ਅੱਜ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਅੱਜ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਆਗੂ ਨਵਜੋਤ ਸੈਣੀ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨ ਲਾਗੂ ਕਰਨ ਵਿੱਚ ਕਾਮਯਾਬ ਹੋ ਗਈ ਤਾਂ ਕਿਰਸਾਨੀ ਨਾਲ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਜੁੜਿਆ ਹਰ ਵਰਗ ਤਬਾਹ ਹੋ ਜਾਵੇਗਾ। ਊਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ’ਤੇ ਤਾਨਾਸ਼ਾਹੀ ਢੰਗ ਨਾਲ ਥੋਪੇ ਗਏ ਖੇਤੀ ਬਿੱਲਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਸੋਹਣ ਸਿੰਘ, ਇੰਦਰਜੋਧ ਸਿੰਘ, ਗੁਰਚਰਨ ਸਿੰਘ ਬਰਵਾਲਿਆ, ਹਰਜਿੰਦਰ ਸਿੰਘ ਹੈਰੀ, ਜਥੇਦਾਰ ਹਰਬੰਸ ਸਿੰਘ, ਸੰਨੀ ਪੰਨੂ, ਹਰਦੀਪ ਸਿੰਘ ਗਾਜੀਪੁਰ, ਲੱਕੀ ਨਾਭਾ, ਮੰਦੀਪ ਸਿੰਘ ਭੁੱਡਾ, ਗੁਰਮੀਤ ਸਿੰਘ ਸੱਗੂ, ਸੁਖਚੈਨ ਸਿੰਘ, ਕਰਨੈਲ ਸਿੰਘ ਆਦਿ ਮੌਜੂਦ ਸਨ।

Posted By: Amita Verma