ਮਹਿਰਾ, ਖਰੜ : ਸਰਕਾਰੀ ਫੀਸ 'ਚ ਭਾਰੀ ਫੇਰਬਦਲ ਅਤੇ ਨਾਜਾਇਜ਼ ਫੜ੍ਹੀ ਵਸੂਲੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲਣ 'ਤੇ ਕਾਰਵਾਈ ਕਰਦਿਆਂ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਸਬਜ਼ੀ ਮੰਡੀ ਖਰੜ ਵਿਖੇ ਬੀਤੇ ਵੀਰਵਾਰ ਸਵੇਰੇ ਲਗਪਗ 2:30 ਵਜੇ ਅਚਨਚੇਤ ਛਾਪਾ ਮਾਰਿਆ ਗਿਆ ਤੇ ਕੰਮ 'ਚ ਕੁਤਾਹੀ ਵਰਤਣ ਦੇ ਦੋਸ਼ ਅਧੀਨ ਜ਼ਿਲ੍ਹਾ ਮੰਡੀ ਅਫ਼ਸਰ ਭਜਨ ਕੌਰ, ਐਕਸ਼ਨ ਇੰਸਪੈਕਟਰ ਹਰਮਿੰਦਰ ਸਿੰਘ, ਐਕਸ਼ਨ ਇੰਸਪੈਕਟਰ ਲਖਵਿੰਦਰ ਸਿੰਘ, ਮਾਰਕੀਟ ਕਮੇਟੀ ਸਕੱਤਰ ਅਰਚਨਾ ਬਾਂਸਲ, ਮੰਡੀ ਸੁਪਰਵਾਈਜ਼ਰ ਬਲਵਿੰਦਰ ਸਿੰਘ ਨੂੰ ਫੌਰੀ ਤੌਰ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ।

ਇਸ ਛਾਪੇ ਦੌਰਾਨ ਮੰਡੀ ਬੋਰਡ ਅਧਿਕਾਰੀਆਂ ਨੇ ਪਾਇਆ ਕਿ ਮੰਡੀ ਅਧਿਕਾਰੀਆਂ ਦੀ ਕੰਮ ਪ੍ਰਤੀ ਵੱਡੇ ਪੱਧਰ 'ਤੇ ਕੁਤਾਹੀ ਵਰਤੀ ਜਾ ਰਹੀ ਹੈ ਕਿਉਂਕਿ ਮੰਡੀ ਤਾਂ ਸਵੇਰੇ 2 ਵਜੇ ਸ਼ੁਰੂ ਹੁੰਦੀ ਹੈ ਪ੍ਰੰਤੂ ਅਧਿਕਾਰੀ ਚਾਰ ਘੰਟੇ ਦੀ ਦੇਰੀ ਨਾਲ ਪਹੁੰਚਦੇ ਹਨ। ਇਸ ਦੇ ਨਾਲ ਹੀ ਮੰਡੀ ਫੀਸ ਰਜਿਸਟਰ 'ਚ ਕੁਤਾਹੀ ਵਰਤਦਿਆਂ ਆੜ੍ਹਤੀਆਂ ਤੋਂ ਜ਼ੁਬਾਨੀ ਤੌਰ 'ਤੇ ਖ਼ਰੀਦੋ ਫਰੋਖ਼ਤ ਦਾ ਰਿਕਾਰਡ ਲਿਖ ਲਿਆ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਜ਼ਾਨਾ ਮੰਡੀ 'ਚ ਲੱਖ ਰੁਪਏ ਦੀ ਖ਼ਰੀਦੋ-ਫ਼ਰੋਖਤ ਦਿਖਾਈ ਜਾਂਦੀ ਹੈ ਪ੍ਰੰਤੂ ਅਸਲੀ ਜੋ ਖ਼ਰੀਦ ਹੁੰਦੀ ਹੈ ਉਹ ਅਧਿਕਾਰੀਆਂ ਦੇ ਸਮੇਂ ਤੇ ਨਾ ਪਹੁੰਚਣ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਜੋ ਕਿ ਲਗਪਗ 30-35 ਹੁੰਦੀ ਹੈ। ਇਸ ਤੋਂ ਇਲਾਵਾ ਆੜ੍ਹਤੀਆਂ ਵੱਲੋਂ ਸਮੇਂ ਤੋਂ ਪਹਿਲਾਂ ਮੰਡੀ ਲਗਾ ਕੇ ਫਲਾਂ ਨੂੰ ਰਿਟੇਲ ਦੀ ਥਾਂ ਥੋਕ ਚ ਵੇਚਿਆ ਜਾਂਦਾ ਹੈ ਅਤੇ 6 ਵਜੇ ਤੋਂ ਬਾਅਦ ਰੇਹੜੀ-ਫੜ੍ਹੀ ਵਾਲਿਆਂ ਤੋਂ ਪ੍ਰਤੀ ਸਟਾਲ 300 ਰੁਪਏ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ।

Posted By: Seema Anand