ਜੇ ਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਦੇ ਪਿੰਡ ਦੌਲਤ ਸਿੰਘ ਵਾਲਾ 'ਚ ਬੁੱਧਵਾਰ ਤੜਕੇ ਸੜਕ 'ਤੇ ਬਰਸਾਤ ਦਾ ਪਾਣੀ ਭਰਿਆ ਹੋਣ ਕਾਰਨ ਪੰਚਕੂਲਾ ਦੇ ਇਕ ਨਿੱਜੀ ਸਕੂਲ ਦੀ ਬੱਸ ਸੰਤੁਲਨ ਵਿਗੜਨ ਕਾਰਨ ਪਲਟ ਗਈ। ਘਟਨਾ ਦੇ ਸਮੇਂ ਸਕੂਲ ਬੱਸ ’ਚ 15 ਦੇ ਕਰੀਬ ਬੱਚੇ ਸਵਾਰ ਸਨ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਹਾਲਾਂਕਿ ਘਟਨਾ ਤੋਂ ਬਾਅਦ ਬੱਚੇ ਡਰੇ ਹੋਏ ਸਨ। ਬੱਸ ਡਰਾਈਵਰ ਮੁਤਾਬਿਕ ਬਰਸਾਤ ਕਾਰਨ ਸੜਕ 'ਤੇ ਪਾਣੀ ਭਰਿਆ ਹੋਇਆ ਸੀ। ਜਦੋਂ ਉਹ ਸਾਹਮਣੇ ਤੋਂ ਆ ਰਹੀ ਦੂਜੀ ਸਕੂਲੀ ਬੱਸ ਨੂੰ ਸਾਈਡ ਦੇਣ ਲੱਗਾ ਤਾਂ ਸੜਕ ਦੇ ਖੱਬੇ ਪਾਸੇ ਬਣੇ ਕੱਚੇ ਨਾਲੇ ਦਾ ਅੰਦਾਜ਼ਾ ਨਹੀਂ ਹੋਇਆ ਤੇ ਬੱਸ ਪਲਟ ਗਈ। ਹਾਲਾਂਕਿ ਜੇਕਰ ਨੇੜੇ ਮਿੱਟੀ ਨਾ ਪਈ ਹੁੰਦੀ ਤਾਂ ਬਸ ਪੂਰੀ ਪਲਟ ਸਕਦੀ ਸੀ।

ਮੌਕੇ 'ਤੇ ਮੌਜੂਦ ਲੋਕਾਂ ਨੇ ਬੱਸ ਦੀ ਡਰਾਈਵਰ ਸੀਟ ਰਾਹੀਂ ਬੱਚਿਆ ਨੂੰ ਬੱਸ 'ਚੋਂ ਬਾਹਰ ਕੱਢਿਆ। ਦੂਜੀ ਬੱਸ ਨੂੰ ਸਾਈਡ ਦੇਣ ਕਾਰਨ ਸਕੂਲ ਬੱਸ ਦੀ ਰਫਤਾਰ ਹੌਲੀ ਸੀ ਜਿਸ ਕਾਰਨ ਵੱਡਾ ਹਾਦਸਾ ਨਹੀਂ ਵਾਪਰਿਆ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਕਿਹਾ ਕਿ ਸ਼ਿਵ ਇੰਨਕਲੇਵ ਤੋਂ ਪਿੰਡ ਭਬਾਤ ਨੂੰ ਜਾਣ ਵਾਲੀ ਸੜਕ ਬਹੁਤ ਛੋਟੀ ਬਣਾਈ ਗਈ ਹੈ ਤੇ ਸੜਕ ਕਿਨਾਰੇ ਬਣਾਏ ਗਏ ਗੰਦੇ ਪਾਣੀ ਦੇ ਨਾਲੇ ਕਾਰਨ ਦੋ ਵੱਡੀਆਂ ਗੱਡੀਆਂ ਨਿਕਲ ਨਹੀਂ ਸਕਦੀਆਂ। ਬਰਸਾਤ ਹੋਣ ਕਰਕੇ ਨਾਲੇ ਦੇ ਨਜ਼ਦੀਕ ਸੜਕ ਦੀਆਂ ਬਰਮਾਂ ਦੀ ਹਾਲਤ ਮਾੜੀ ਹੋ ਚੁੱਕੀ ਹੈ ਤੇ ਸਾਈਡਾਂ 'ਤੇ ਮਿੱਟੀ ਨਾ ਹੋਣ ਕਰਕੇ ਵੀ ਹਾਦਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਜ਼ੀਰਕਪੁਰ ਨੂੰ ਸੜਕ ਕਿਨਾਰੇ ਬਣੇ ਇਸ ਨਾਲੇ ਵਿੱਚ ਪਾਈਪਾਂ ਪਾ ਕੇ ਬਰਮਾਂ ਠੀਕ ਕਰਨੀਆਂ ਚਾਹੀਦੀਆਂ ਹਨ ਤੇ ਸ਼ਹਿਰ ਵਿੱਚ ਪਾਣੀ ਨਿਕਾਸੀ ਲਈ ਸੁਚੱਜੇ ਢੰਗ ਨਾਲ਼ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ 'ਚ ਅਜਿਹੇ ਹਾਦਸੇ ਨਾ ਹੋ ਸਕਣ।

Posted By: Seema Anand