ਜ਼ੀਰਕਪੁਰ : ਕਿਸੇ ਵਿਅਕਤੀ ਦੀ ਕਿਸਮਤ ਕਦੋਂ ਬਦਲ ਜਾਵੇ ਕਿਹਾ ਨਹੀਂ ਜਾ ਸਕਦਾ। ਜ਼ੀਰਕਪੁਰ ਦੇ ਏਕੇਐੱਸ ਕਾਲੋਨੀ ਨਿਵਾਸੀ ਇਕ ਵਿਅਕਤੀ ਜੋ ਅੰਗਹੀਣ ਹੈ ਅਤੇ ਪਿਛਲੇ 8 ਸਾਲਾਂ ਤੋਂ ਲਾਟਰੀ ਪਾ ਕੇ ਆਪਣੀ ਕਿਸਮਤ ਅਜਮਾ ਰਿਹਾ ਸੀ, ਨੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਲਾਟਰੀ ਦੇ ਰਾਖੀ ਬੰਪਰ ਦਾ ਟਿਕਟ ਖਰੀਦਿਆ। ਇਸ ਦੇ ਨਾਲ ਹੀ ਉਸ ਦੀ ਕਿਸਮਤ ਦੇ ਦਰਵਾਜ਼ੇ ਵੀ ਖੁੱਲ੍ਹ ਗਏ ਅਤੇ ਉਸ ਦਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ। ਵਿਜੇਤਾ ਹਰਭਗਵਾਨ ਗਿਰ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦੇ 3 ਬੀਆਰਡੀ ਦੇ ਕੇਂਦਰੀ ਵਿਦਿਆਲਿਆ ਸਕੂਲ 'ਚ ਬਤੌਰ ਲੈਬ ਟੈਕਨੀਸ਼ੀਅਨ ਕੰਮ ਕਰਦਾ ਹੈ।

ਹਰਭਗਵਾਨ ਗਿਰ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਹਰ ਵਾਰ ਪੰਜਾਬ ਲਾਟਰੀ ਦਾ ਟਿਕਟ ਖਰੀਦਦਾ ਹੈ। ਆਖਰ ਕਿਸਮਤ ਚਮਕੀ ਅਤੇ ਉਸ ਦਾ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਇਨ੍ਹਾਂ ਪੈਸਿਆਂ ਨਾਲ ਉਹ ਆਪਣੀ ਛੋਟੀ ਬੇਟੀ ਦਾ ਵਿਆਹ, ਆਪਣੇ ਬੇਟੇ ਲਈ ਉਚੇਰੀ ਸਿੱਖਿਆ ਦਾ ਪ੍ਰਬੰਧ ਅਤੇ ਇਕ ਵਧੀਆ ਘਰ ਖਰੀਦੇਗਾ। ਪੰਜਾਬ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ ਹਰਭਗਵਾਨ ਗਿਰ ਨੇ ਦੱਸਿਆ ਕਿ ਉਨ੍ਹਾਂ ਤਿੰਨ ਟਿਕਟਾਂ ਖਰੀਦੀਆਂ ਸਨ। ਟਿਕਟ ਨੰਬਰ ਬੀ-750320 ਰਾਹੀਂ ਉਨ੍ਹਾਂ ਦਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਹਰਭਗਵਾਨ ਗਿਰ ਨੇ ਲਾਟਰੀਜ਼ ਵਿਭਾਗ ਵੱਲੋਂ ਡਰਾਅ ਕੱਢਣ ਦੇ ਅਪਣਾਏ ਜਾਂਦੇ ਸਰਲ ਤੇ ਪਾਰਦਰਸ਼ੀ ਤਰੀਕੇ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਰਾਖੀ ਬੰਪਰ 2019 ਦਾ ਡਰਾਅ 3 ਸਤੰਬਰ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ।

Posted By: Seema Anand