Legal Notice to Kangana Ranaut : ਚੰਡੀਗੜ੍ਹ, ਜੇਐੱਨਐੱਨ/ਏਐੱਨਆਈ : ਬਾਲੀਵੁੱਡ ਅਦਾਕਾਰ (Bollywood Actress) ਕੰਗਨਾ ਰਣੌਤ (Kangana Ranaut) ਵੱਲੋਂ ਪੰਜਾਬ ਦੀ ਇਕ ਬਜ਼ੁਰਗ ਔਰਤ ਮਹਿੰਦਰ ਕੌਰ ਸਬੰਧੀ ਸੋਸ਼ਲ ਮੀਡੀਆ (Social Media) 'ਤੇ ਟਿੱਪਣੀ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ (Zirakpur) ਦੇ ਇਕ ਵਕੀਲ ਨੇ ਇਸ ਸਬੰਧੀ ਕੰਗਨਾ ਰਣੌਤ ਨੂੰ ਕਾਨੂੰਨੀ ਨੋਟਿਸ (Legal Notice) ਭੇਜਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਸੱਤ ਦਿਨਾਂ ਅੰਦਰ ਮਾਫ਼ੀ ਮੰਗਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕੀਤਾ ਜਾਵੇਗਾ।

ਜ਼ੀਰਕਪੁਰ ਦੇ ਐਡਵੋਕੇਟ ਹਾਕਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੰਗਨਾ ਰਣੌਤ ਨੂੰ ਪੰਜਾਬ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਬਾਰੇ ਗ਼ਲਤ ਟਿੱਪਣੀ ਕਰਨ ਤੇ ਉਸ ਦੀ ਗ਼ਲਤ ਪਛਾਣ ਦੱਸਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੇ ਆਪਣੇ ਟਵਿਟ ਵਿਚ ਮਹਿੰਦਰ ਕੌਰ ਦੀ 'ਬਿਲਕਿਸ ਦਾਦੀ' ਦੇ ਰੂਪ 'ਚ ਗ਼ਲਤ ਪਛਾਣ ਦੱਸੀ। ਇਹ ਬਜ਼ੁਰਗ ਔਰਤ ਦਾ ਅਪਮਾਨ ਹੈ।

ਵਕੀਲ ਹਾਕਮ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਨੇ ਆਪਣੇ ਟਵੀਟ 'ਚ ਮਹਿੰਦਰ ਕੌਰ ਨੂੰ 'ਬਿਲਕਿਸ ਬਾਨੋ' ਦੱਸਦਿਆਂ ਉਨ੍ਹਾਂ ਨੂੰ 100 ਰੁਪਏ 'ਚ ਕਿਰਾਏ 'ਤੇ ਮੁਜ਼ਾਹਰਾਕਾਰੀ ਦੇ ਰੂਪ 'ਚ ਦੱਸਿਆ। ਇਹ ਬੇਹੱਦ ਗ਼ਲਤ ਤੇ ਅਪਮਾਨਜਣਕ ਹੈ। ਇਸੇ ਕਾਰਨ ਉਨ੍ਹਾਂ ਕੰਗਨਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ 'ਚ ਕੰਗਨਾ ਰਣੌਤ ਨੂੰ ਮਾਫ਼ੀ ਮੰਗਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਇਸ ਦੌਰਾਨ ਕੰਗਨਾ ਨੇ ਮਾਫ਼ੀ ਨਾ ਮਂਗੀ ਤਾਂ ਉਸ ਦੇ ਖ਼ਿਲਾਫ਼ ਮੁਕੱਦਮਾ ਚਲਾਇਆ ਜਾਵੇਗਾ।

ਕੰਗਨਾ ਰਣੌਤ ਦਾ ਟਵੀਟ ਜਿਸ ਨੂੰ ਬਾਅਦ ਵਿਚ ਡਿਲੀਟ ਕਰ ਦਿੱਤਾ ਗਿਆ।

ਵਕੀਲ ਹਾਕਮ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਨੇ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਦੇ ਤੌਰ 'ਤੇ ਕਿਸਾਨ ਅੰਦੋਲਨ ਤੇ ਐੱਨਆਰਸੀ ਖ਼ਿਲਾਫ਼ ਅੰਦੋਲਨ 'ਚ ਸ਼ਾਮਲ ਹੋਣ ਵਾਲੀ ਦੱਸ ਕੇ ਉਨ੍ਹਾਂ ਦੀ ਮਾਣਹਾਨੀ ਕੀਤੀ ਹੈ। ਇਹ ਕਾਫ਼ੀ ਗੰਭੀਰ ਮਾਮਲਾ ਹੈ ਤੇ ਕਿਸੇ ਔਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਹੈ।

ਦੱਸ ਦੇਈਏ ਕਿ ਮਹਿੰਦਰ ਕੌਰ ਨੇ ਵੀ ਕੱਲ੍ਹ ਦੇਰ ਸ਼ਾਮ ਕੰਗਨਾ ਰਣੌਤ ਦੀ ਟਿੱਪਣੀ ਦਾ ਜਵਾਬ ਦਿੱਤਾ ਸੀ ਤੇ ਇਸ ਨੂੰ ਦੁਖ਼ਦ ਦੱਸਿਆ ਸੀ। 87 ਸਾਲ ਦੀ ਮਹਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ 13 ਏਕੜ ਜ਼ਮੀਨ ਹੈ ਤੇ ਉਹ ਆਪਣੇ ਪਰਿਵਾਰ ਦੇ ਨਾਲ ਹਾਲੇ ਵੀ ਮਿਹਨਤ ਕਰਦੀ ਹੈ। ਉਨ੍ਹਾਂ ਨੂੰ 100 ਰੁਪਏ ਲਈ ਕਿਤੇ ਮਜ਼ਦੂਰੀ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਕੋਰੋਨਾ ਸੰਕਟ ਕਾਰਨ ਕੰਗਨਾ ਰਣੌਤ ਕੋਲ ਕੋਈ ਕੰਮ ਨਹੀਂ ਹੈ ਤਾਂ ਉਹ (ਕੰਗਨਾ ਰਣੌਤ) ਉਨ੍ਹਾਂ ਦੇ ਖੇਤਾਂ 'ਚ ਮਜ਼ਦੂਰੀ ਕਰ ਸਕਦੀ ਹੈ। ਦੱਸ ਦੇਈਏ ਕਿ ਕੰਗਨਾ ਰਣੌਤ ਨੇ ਵਿਵਾਧ ਵਧਣ ਤੋਂ ਬਾਅਦ ਆਪਣਾ ਟਵੀਟ ਡਿਲੀਟ ਕਰ ਦਿੱਤਾ ਸੀ।

Posted By: Seema Anand