ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਲੋਕ-ਮਾਰੂ ਖੇਤੀ ਬਿੱਲਾਂ ਦੇ ਵਿਰੋਧ 'ਚ ਸਮੂਹ ਪੰਜਾਬੀਆਂ ਵਲੋਂ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਭਰ ਵਿਚ ਫੈਲ ਚੁੱਕੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਦੀ ਲੜੀ 'ਚ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਸੱਦੇ 'ਤੇ ਇਪਟਾ, ਪੰਜਾਬ (IPTA Punjab) ਵੱਲੋਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਪਟਾ ਕਿਸਾਨਾਂ ਤੇ ਇਨਸਾਨਾਂ ਦੇ ਪੱਖ ਵਿਚ ਤੇ ਕਾਲੇ ਖੇਤੀ ਬਿੱਲਾਂ ਦੇ ਵਿਰੋਧ 'ਚ ‘ਕਲਾ ਲੋਕਾਂ ਲਈ’ ਦੇ ਆਪਣੇ ਸਿਧਾਂਤ ਤੇ ਸੋਚ ਮੁਤਾਬਿਕ ਨੁੱਕੜ-ਨਾਟਕਾਂ ਤੇ ਲੋਕ-ਪੱਖੀ ਗਾਇਕੀ ਰਾਹੀਂ ਆਪਣੀ ਅਵਾਜ਼ ਬੁਲੰਦ ਕਰੇਗੀ।

ਇਹ ਜਾਣਕਾਰੀ ਦਿੰਦਿਆਂ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਪਟਾ ਦੇ ਜ਼ਿਲ੍ਹਾ ਆਗੂ ਬਠਿੰਡਾ ਤੋਂ ਜੇਸੀ ਪਰਿੰਦਾ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਡਾ. ਕੁਲਦੀਪ ਸਿੰਘ ਦੀਪ ਤੇ ਹਰਜੀਤ ਕੈਂਥ, ਮੋਹਾਲੀ ਤੋਂ ਨਰਿੰਦਰ ਪਾਲ ਨੀਨਾ, ਰੋਪੜ ਤੋਂ ਸੁਰਿੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅੰਮ੍ਰਿਤਸਰ ਤੋਂ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾਂ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਫਾਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ ਹੋਰਾਂ ਨੇ ਇਪਟਾ ਦੀ ਸੂਬਾ ਇਕਾਈ ਦੇ ਫੈਸਲੇ ਤੋਂ ਜਾਣੂੰ ਕਰਾਵਾਉਂਦੇ ਹੋਏ ਕੇਂਦਰ ਵਿਚਲੇ ਹਾਕਮ ਦੇ ਕਿਸਾਨ ਤੇ ਇਨਸਾਨ ਵਿਰੋਧੀ ਵੀ ਰਵੱਈਏ ਖ਼ਿਲਾਫ਼ ਕਿਸਾਨਾਂ ਵੱਲੋਂ ਆਰੰਭੇ ਰੋਸ ਧਰਨਿਆਂ ਤੇ ਮੁਜ਼ਾਹਰਿਆਂ ਦੀ ਲੜੀ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਸੱਦੇ 'ਤੇ ਇਪਟਾ ਦੇ ਕਾਰਕੁਨਾ ਤੇ ਕਲਾਕਾਰਾਂ ਨੂੰ ਭਰਵੀਂ ਹਮਾਇਤ ਕਰਨ ਦੀ ਅਪੀਲ ਕੀਤੀ ਹੈ।

Posted By: Seema Anand