ਡਿਪਟੀ ਚੀਫ ਰਿਪੋਰਟਰ, ਮੁਹਾਲੀ : ਵਿਵੇਕ ਸ਼ੀਲ ਸੋਨੀ ਆਈਪੀਐਸ, ਸੀਨੀਅਰ ਪੁਲਿਸ ਕਪਤਾਨ, ਐਸ ਏ ਐਸ ਨਗਰ ਨੇ ਮੀਡੀਆ ਨੂੰ ਦੱਸਿਆ ਕਿ ਐਸ ਏ ਐਸ ਨਗਰ ਪੁਲਿਸ ਨੇ ਹੁੰਡਈ ਦੀਆਂ ਕਾਰਾਂ ਦੀ ਚੋਰੀ ਨਾਲ ਜੁੜੇ ਇੱਕ ਵੱਡੇ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਸ਼੍ਰੀ ਨਵਰੀਤ ਸਿੰਘ ਵਿਰਕ, ਪੀਪੀਐਸ, ਐਸਪੀ (ਆਰ), ਐਸ ਏ ਐਸ ਨਗਰ ਦੀ ਨਿਗਰਾਨੀ ਵਿੱਚ ਅਤੇ ਸ਼੍ਰੀ ਬਿਕਰਮਜੀਤ ਸਿੰਘ ਬਰਾੜ, ਪੀ ਪੀ ਐਸ, ਡੀ ਐਸ ਪੀ, ਸਬ ਡੀਵੀਜ਼ਨ, ਜ਼ੀਰਕਪੁਰ ਅਤੇ ਸ਼੍ਰੀ ਹਰਿੰਦਰ ਸਿੰਘ ਮਾਨ, ਪੀ.ਪੀ.ਐਸ, ਡੀ.ਐਸ.ਪੀ ਸਿਟੀ-1, ਦੀ ਅਗਵਾਈ ਹੇਠ ਐੱਸ.ਐੱਚ.ਓ. ਜ਼ੀਰਕਪੁਰ ਇੰਸਪੈਕਟਰ ਦੀਪਇੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪੁਲਿਸ ਅਧਿਕਾਰੀਆਂ ਸਮੇਤ 22-09-2022 ਨੂੰ ਗਾਜੀਪੁਰ ਰੋਡ ਦੇ ਨੇੜੇ ਤੋਂ ਦੋ ਮੁੱਖ ਅੰਤਰ-ਰਾਜੀ ਵਾਹਨ ਚੋਰੀ ਦੇ ਮੁਲਜ਼ਮਾਂ ਨੂੰ ਐਫ ਆਈ ਆਰ ਨੰਬਰ 82 ਮਿਤੀ 12-02-2022 ਤਹਿਤ ਧਾਰਾ 379 ਥਾਣਾ ਜ਼ੀਰਕਪੁਰ ਜ਼ਿਲ੍ਹਾ ਐਸ ਏ ਐਸ ਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ । ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਐਸਏਐਸ ਨਗਰ ਪੁਲਿਸ ਦੀ ਟੀਮ ਨੇ ਵਾਹਨ ਚੋਰੀ ਦੀਆਂ 11 ਵਾਰਦਾਤਾਂ ਟਰੇਸ ਕੀਤੀਆਂ ਹਨ ਅਤੇ 06 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਜੋ ਜ਼ਿਲ੍ਹਾ ਐਸ ਏ ਐਸ ਨਗਰ ਤੋਂ ਚੋਰੀ ਕੀਤੀਆਂ ਗਈਆਂ ਸਨ।

SSP, ਐਸ ਏ ਐਸ ਨਗਰ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ੁਰੂਆਤੀ ਜਾਂਚ ਦੌਰਾਨ, ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਸਿਰਫ ਹੁੰਡਈ ਕਾਰਾਂ ਜਿਵੇਂ ਕਿ ਕ੍ਰੇਟਾ, ਵਰਨਾ ਅਤੇ ਆਈ 20 ਦੀ ਚੋਰੀ ਵਿੱਚ ਸ਼ਾਮਲ ਸੀ। ਇਸ ਗਿਰੋਹ ਨੇ ਸਾਲ 2022 ਵਿੱਚ 11 ਹੁੰਡਈ ਕਾਰਾਂ ਚੋਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਪੰਜਾਬ ਦੀਆਂ 08, ਹਰਿਆਣਾ ਦੀਆਂ 02 ਅਤੇ ਦਿੱਲੀ ਤੋਂ 01 ਕਾਰਾਂ ਸ਼ਾਮਲ ਹਨ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਐੱਫ਼ ਆਈ ਆਰਜ਼ ਦਰਜ ਕੀਤੀਆਂ ਗਈਆਂ ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਅਕੀਲ ਅਹਿਮਦ ਪੁੱਤਰ ਅਜ਼ੀਜ਼ ਅਹਿਮਦ ਵਾਸੀ 523, ਬਾਵਨੀ ਖੇੜਾ, ਜ਼ਿਲ੍ਹਾ ਪਲਵਲ, ਹਰਿਆਣਾ (ਜੋ ਹੁਣ ਡੀ2-220, ਡੀ ਐਲ ਐਫ ਵੈਲੀ ਪੰਚਕੂਲਾ ਵਿਖੇ ਰਹਿ ਰਿਹਾ ਹੈ) ਇਸ ਗਿਰੋਹ ਦਾ ਕਿੰਗਪਿਨ ਹੈ । ਉਹ AFSET ਕਾਲਜ ਫਰੀਦਾਬਾਦ ਤੋਂ ਐਮ-ਟੈੱਕ (ਕੰਪਿਊਟਰ ਸਾਇੰਸ) ਹੈ। ਉਹ ਗੁਰੂਗ੍ਰਾਮ ਵਿੱਚ 2004-2012 ਤੱਕ ਮੋਬਾਈਲ ਟਾਵਰ ਰਿਲਾਇੰਸ ਦੀ ਕੰਪਨੀ ਵਿੱਚ ਤਕਨੀਕੀ ਇਕਾਈ ਦੇ ਮੁਖੀ ਵਜੋਂ ਕੰਮ ਕਰ ਰਿਹਾ ਸੀ । ਸਾਲ 2012 ਵਿਚ ਉਸ ਨੂੰ ਰਿਲਾਇੰਸ ਕੰਪਨੀ ਤੋਂ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਦਾ ਕਾਰਨ ਇਹ ਸੀ ਕਿ ਉਹ ਜ਼ਿਆਦਾ ਕੀਮਤਾਂ 'ਤੇ ਵੀ ਆਈ ਪੀ ਨੰਬਰ ਵੇਚਣ ਵਿਚ ਰੁੱਝਿਆ ਹੋਇਆ ਸੀ। ਉਹ 2016 ਤੱਕ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਭਰਤਪੁਰ, ਰਾਜਸਥਾਨ ਵਿਖੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਰਿਹਾ। ਉਸਨੇ 2021 ਤੱਕ ਆਪਣਾ ਆਟੋਮੋਬਾਈਲ ਕਾਰ-ਵਿਕਰੀ ਖਰੀਦ ਕਾਰੋਬਾਰ ਚਲਾਇਆ । ਦਸੰਬਰ-2021 ਵਿੱਚ, ਅਸਾਨੀ ਨਾਲ ਪੈਸੇ ਕਮਾਉਣ ਲਈ, ਉਸਨੇ ਅਪਰਾਧਿਕ ਗਤੀਵਿਧੀਆਂ ਵਿੱਚ ਪ੍ਰਵੇਸ਼ ਕੀਤਾ ਅਤੇ ਐਨ ਸੀ ਆਰ ਅਤੇ ਪੰਜਾਬ ਵਿੱਚ ਆਪਣੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੀ ਸ਼ੁਰੂਆਤ ਕੀਤੀ ਕਿਉਂਕਿ ਉਸ ਦੇ ਗਿਰੋਹ ਦੇ ਕੁਝ ਮੈਂਬਰ ਪਹਿਲਾਂ ਪੰਜਾਬ ਵਿੱਚ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸਨ । ਕੰਪਿਊਟਰ ਇੰਜੀਨੀਅਰ ਹੋਣ ਦੇ ਨਾਤੇ, ਉਸਨੇ ਹੁੰਡਈ ਕਾਰ ਦਾ ਤਾਲਾ ਖੋਲ੍ਹਣ ਵਿੱਚ ਸਿਰਫ 10-15 ਮਿੰਟ ਲਏ ਕਿਉਂਕਿ ਉਸ ਨੂੰ ਹੁੰਡਈ ਦੀਆਂ ਗੱਡੀਆਂ ਨੂੰ ਅਨਲੌਕ ਕਰਨ ਵਿੱਚ ਮੁਹਾਰਤ ਹੈ । ਦੂਜਾ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਸ਼ੇਖ ਰਫੀਕ ਪੁੱਤਰ ਸ਼ੇਖ ਦਿਲਵਾਰ ਮਨਸੂਰੀ ਵਾਸੀ ਮਸਜਿਦ ਲਾਈਨ, ਮੋਸਾਨ ਗੰਜ, ਅਮਰਾਵਤੀ, ਮਹਾਰਾਸ਼ਟਰ, ਪਿਛਲੇ 10 ਸਾਲਾਂ ਤੋਂ ਕਾਰ-ਵਿਕਰੀ ਖਰੀਦ ਦਾ ਕਾਰੋਬਾਰ ਕਰ ਰਿਹਾ ਹੈ। ਸ਼ੇਖ ਰਫੀਕ ਅਤੇ ਇਕ ਫਰਾਰ ਮੁਲਜ਼ਮ ਸੋਨੂੰ ਅਕੀਲ ਅਤੇ ਉਸ ਦੇ ਗਿਰੋਹ ਦੇ ਮੈਂਬਰਾਂ ਤੋਂ ਵਾਹਨ ਖਰੀਦਦੇ ਸਨ ਅਤੇ ਅੱਗੇ ਇਨ੍ਹਾਂ ਚੋਰੀ ਦੀਆਂ ਕਾਰਾਂ ਨੂੰ ਵੱਖ-ਵੱਖ ਖਰੀਦਦਾਰਾਂ ਨੂੰ ਵੇਚਦੇ ਸਨ।

Posted By: Seema Anand