ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਜ਼ਿਲ੍ਹਾ ਮੋਹਾਲੀ 'ਚ ਗ਼ੈਰ-ਕਾਨੂੰਨੀ ਪੇਇੰਗ ਗੇਸਟ (ਪੀਜੀ) ਦਾ ਧੰਦਾ ਜ਼ੋਰਾਂ 'ਤੇ ਹੈ। ਸਭ ਤੋਂ ਜ਼ਿਆਦਾ ਬੁਰੇ ਹਾਲਾਤ ਨਯਾਗਾਂਵ, ਖਰੜ, ਬਲੌਂਗੀ, ਜ਼ੀਰਕਪੁਰ 'ਚ ਹਨ। ਇਨ੍ਹਾਂ ਥਾਵਾਂ 'ਤੇ ਕਈ ਵਾਰ ਗੈਂਗਸਟਰ ਵੀ ਫੜੇ ਗਏ ਹਨ। ਪ੍ਰਸ਼ਾਸਨ ਵੱਲੋਂ ਹਰ ਘਟਨਾ ਮਗਰੋਂ ਪੀਜੀ 'ਤੇ ਸ਼ਿਕੰਜਾ ਕੱਸਣ ਦੀ ਗੱਲ ਕੀਤੀ ਜਾਂਦੀ ਹੈ ਪਰ ਕਾਰਵਾਈ ਕਿਸੇ 'ਤੇ ਨਹੀਂ ਹੋਈ। ਪਿਛਲੇ ਸਾਲ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਵੱਲੋਂ ਗ਼ੈਰਕਾਨੂੰਨੀ ਤੌਰ 'ਤੇ ਚੱਲ ਰਹੇ ਪੀਜੀ ਨੂੰ ਸੀਲ ਕਰਨ ਦੀ ਗੱਲ ਕੀਤੀ ਗਈ ਸੀ। ਪੂਰੇ ਜ਼ਿਲ੍ਹੇ 'ਚ ਕੁਲ 16 ਪੀਜੀ ਹੀ ਰਜਿਸਟਰਡ ਹਨ। ਬਾਕੀ ਪੂਰੇ ਜ਼ਿਲ੍ਹੇ 'ਚ ਗ਼ੈਰ-ਕਾਨੂੰਨੀ ਪੀਜੀ ਚੱਲ ਰਹੇ ਹਨ। ਜਿਨ੍ਹਾਂ 'ਚ ਚੰਡੀਗੜ੍ਹ ਵਰਗਾ ਹਾਦਸਾ ਕਦੇ ਵੀ ਹੋ ਸਕਦਾ ਹੈ।

ਪਿੱਛੇ ਜਿਹੇ ਗਮਾਡਾ ਵਲੋਂ ਨੋਟਿਸ ਭੇਜਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੈਕਟਰ-88 ਸਥਿਤ ਪੂਰਬ ਅਪਾਰਟਮੈਂਟ ਵਿਚ ਗ਼ੈਰਕਾਨੂੰਨੀ ਤੌਰ ਉੱਤੇ ਪੀਜੀ ਚਲਾਉਣ ਵਾਲੇ 14 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਪਰ ਕਾਰਵਾਈ ਕੋਈ ਨਹੀਂ ਕੀਤੀ ਗਈ।

ਅੱਠ ਮਰਲੇ ਤੋਂ ਉਪਰ ਪੀਜੀ ਚਲਾਉਣ ਦੀ ਆਗਿਆ

ਅੱਠ ਮਰਲੇ ਤੋਂ ਉੱਤੇ ਮਕਾਨ ਵਾਲੇ ਪੀਜੀ ਚਲਾ ਸਕਦੇ ਹਨ। ਮੋਹਾਲੀ 'ਚ ਲਗਾਤਾਰ ਵੱਧ ਰਹੇ ਕਰਾਇਮ ਦੇ ਕਾਰਨ ਐੱਸਐੱਸਪੀ ਮੋਹਾਲੀ ਵਲੋਂ ਵੀ ਗਮਾਡਾ ਅਤੇ ਪ੍ਰਸ਼ਾਸਨ ਨੂੰ ਗ਼ੈਰਕਾਨੂੰਨੀ ਤੌਰ ਉੱਤੇ ਪੀਜੀ ਚਲਾਉਣ ਵਾਲਿਆਂ ਉੱਤੇ ਕਾੱਰਵਾਈ ਕਰਨ ਲਈ ਲਿਖਿਆ ਗਿਆ ਸੀ। ਪਰ ਇਸਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਨਿਗਮ ਦੇ ਕੌਂਸਲਰ ਵੀ ਪੀਜੀ ਉੱਤੇ ਕਾੱਰਵਾਈ ਕਰਨ ਦੀ ਮੰਗ ਸਮੇਂ ਸਮੇਂ 'ਤੇ ਕਰਦੇ ਆ ਰਹੇ ਹਨ। ਮੋਹਾਲੀ ਦੇ ਡੀਸੀ ਗਿਰੀਸ਼ ਦਿਆਲਨ ਨੇ ਕਿਹਾ ਕਿ ਚੰਡੀਗੜ੍ਹ ਦੇ ਹਾਦਸੇ ਦੀ ਜਾਣਕਾਰੀ ਮਿਲੀ ਹੈ। ਮੋਹਾਲੀ ਵਿਚ ਵੀ ਗ਼ੈਰਕਾਨੂੰਨੀ ਪੀਜੀ ਖ਼ਿਲਾਫ਼ ਮੁਹਿੰਮ ਚਲਾਇਆ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਕਸਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Posted By: Seema Anand