ਸਤਵਿੰਦਰ ਸਿੰਘ ਧੜਾਕ/ਰਣਜੀਤ ਸਿੰਘ ਰਾਣਾ, ਮੋਹਾਲੀ : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਕੁੜੀ ਅਮਨਜੌਤ ਕੌਰ ਰਾਮੂਵਾਲੀਆ ਸਮੇਤ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਰਾਜਧਾਨੀ ਸਥਿਤ ਪਾਰਟੀ ਦਫ਼ਤਰ 'ਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਕੇਂਦਰੀ ਮੰਤਰੀ ਦੁਸ਼ਿਅੰਤ ਗੌਤਮ, ਮੈਂਬਰ ਪਾਰਲੀਮੈਂਟ ਤੇ ਇੰਚਾਰਜ ਪੰਜਾਬ ਭਾਜਪਾ ਤਰੁਣ ਚੁੱਘ ਤੇ ਭਾਜਪਾ ਚੰਡੀਗੜ੍ਹ ਸਟੇਟ ਸਕੱਤਰ ਤੇਜਿੰਦਰ ਦੀ ਮੌਜੂਦਗੀ 'ਚ ਅਮਨਜੋਤ ਕੌਰ ਨੇ ਭਾਜਪਾ ਦੀ ਮੈਂਬਰਤਾ ਗ੍ਰਹਿਣ ਕੀਤੀ।

ਦੱਸ ਦੇਈਏ ਕਿ ਸਾਲ 2012 'ਚ ਜਦੋਂ ਬਲੰਵਤ ਸਿੰਘ ਰਾਮੂਵਾਲੀਆ ਨੇ ਅਕਾਲੀ ਦਲ 'ਚ ਸ਼ਾਮਲ ਹੋਣ ਮਗਰੋਂ ਮੋਹਾਲੀ ਤੋਂ ਚੋਣ ਲੜੀ ਸੀ ਤਾਂ ਕੁਝ ਅਰਸੇ ਬਾਅਦ ਉਨ੍ਹਾਂ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਬਣਾਇਆ ਗਿਆ ਸੀ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਰਾਮੂਵਾਲੀਆ ਨੇ 'ਪੰਜਾਬੀ ਜਾਗਰਣ' ਨੂੰ ਦੱਸਿਆ ਕਿ ਅਮਨਜੋਤ ਦੇ ਭਾਜਪਾ 'ਚ ਸ਼ਾਮਲ ਹੋਣ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਮ ਨੂੰ 5 ਵਜੇ ਪ੍ਰੈੱਸ ਕਾਨਫਰੰਸ ਦੌਰਾਨ ਉਹ ਇਸ ਬਾਰੇ ਆਪਣਾ ਪਰਿਵਾਰਕ ਪੱਖ ਵੀ ਰੱਖਣਗੇ।

Posted By: Amita Verma