ਜੇਐੱਨਐੱਨ, ਮੋਹਾਲੀ : ਮੋਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਤੇ ਆਜ਼ਾਦ ਗੁਰੱਪ ਦੀ ਅਗਵਾਈ ਕਰ ਰਹੇ ਕੁਲਵੰਤ ਸਿੰਘ ਵਿਧਾਨ ਸਭਾ ਚੋਣਾਂ 'ਚ ਮੋਹਾਲੀ ਹਲਕੇ ਤੋਂ ਚੋਣ ਮੈਦਾਨ 'ਚ ਉਤਰਣਗੇ ਪਰ ਉਹ ਕਿਸ ਪਾਰਟੀ ਨਾਲ ਜਾਣਗੇ ਇਸ ਨੂੰ ਲੈ ਕੇ ਕੁਲਵੰਤ ਅਜੇ ਆਪਣੇ ਪੱਤੇ ਖੋਲ੍ਹਣ ਤੋਂ ਇਨਕਾਰ ਕਰ ਰਹੇ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਇਹ ਤੈਅ ਕਿ ਮੈਂ ਚੋਣਾਂ ਲੜਾਂਗਾ ਪਰ ਅਜੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਕਿਸਾਨਾਂ ਨੇ ਰੈਲੀਆਂ ਆਦਿ ਕਰਨ 'ਤੇ ਰੋਕ ਲਾਈ ਹੈ ਇਸਲਈ ਅਜੇ ਸਿਰਫ਼ ਛੋਟੇ-ਛੋਟੇ ਗੁਰੱਪਜ਼ 'ਚ ਜਾ ਕੇ ਲੋਕਾਂ ਨਾਲ ਮਿਲ ਕੇ ਜਨਸੰਪਰਕ ਵਧਾਇਆ ਜਾਵੇਗਾ।'

ਸਵਾਲ ਦੇ ਜਵਾਬ 'ਚ ਕੁਲਵੰਤ ਨੇ ਕਿਹਾ ਕਿ ਕਿਹੜੀ ਪਾਰਟੀ ਦੇ ਚੋਣ ਨਿਸ਼ਾਨੇ 'ਤੇ ਲੜਨਾ ਹੈ ਜਾਂ ਆਜ਼ਾਦ ਤੌਰ 'ਤੇ ਲੜਨਾ ਹੈ ਇਹ ਸਮੇਂ ਦੇੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ। ਇਸ ਤੋਂ ਪਹਿਲਾਂ ਕੁਲਵੰਤ ਸਿੰਘ ਨੇ ਮੋਹਾਲੀ ਦੇ ਲੋਕਾਂ ਲਈ ਇਕ ਫ੍ਰੀ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਕੁਲਵੰਤ ਸਿੰਘ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 'ਤੇ ਦੱਬ ਕੇ ਜੁਬਾਨੀ ਹਮਲਾ ਬੋਲਿਆ। ਸਾਬਕਾ ਮੇਅਰ ਨੇ ਕਿਹਾ ਕਿ ਸਿਹਤ ਮੰਤਰੀ ਦੱਸਣ ਕਿ ਮੋਹਾਲੀ ਲਈ ਨਵਾਂ ਕੀ ਕੀਤਾ। ਮੋਹਾਲੀ ਦੇ ਸਰਕਾਰੀ ਮੈਡੀਕਲ ਕਾਲਜ ਦਾ ਐਲਾਨ ਤਾਂ ਕਾਂਗਰਸ ਦੀ ਸੱਤਾ 'ਚ ਆਉਣ ਤੋਂ ਪਹਿਲਾਂ ਹੋ ਗਿਆ ਸੀ। ਸਾਢੇ ਚਾਰ ਸਾਲ ਬੀਤ ਗਏ ਪਰ ਅਜੇ ਤਕ ਕੰਮ ਸ਼ੁਰੂ ਨਹੀਂ ਹੋਇਆ।

Posted By: Amita Verma