ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹੁਣ ਹਰੇਕ ਸਾਲ 'ਫੈਪ ਸਟੇਟ ਐਵਾਰਡ' ਮਿਲਿਆ ਕਰਨਗੇ। ਇਸ ਸਬੰਧੀ ਹਰ ਸਾਲ ਪ੍ਰਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਹੋਇਆ ਕਰੇਗਾ। ਅਜਿਹਾ ਫ਼ੈਸਲਾ ਫੈਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਨੇ ਲਿਆ ਹੈ ਜਿਸ ਦਾ ਮਕਸਦ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਅਧਿਆਪਕ ਦਿਵਸ ਮੌਕੇ ਮਾਣ-ਤਾਣ ਦਿੱਤਾ ਜਾਣਾ ਹੈ। ਕਿਹਾ ਗਿਆ ਹੈ ਕਿ ਹਰੇਕ ਸਾਲ ਸਕੂਲਾਂ ਦੇ ਸਰਵੋਮਤਮ ਪਿ੍ਰੰਸੀਪਲ, ਅਧਿਆਪਕ ਤੇ ਵਿਦਿਆਰਥੀ ਵੀ ਇਸ ਖ਼ਿਤਾਬ ਦਾ ਹਿੱਸਾ ਬਣਿਆਂ ਕਰਨਗੇ ਤੇ ਨਿੱਜੀ ਅਦਾਰਿਆਂ ਦਾ ਸਿੱਖਿਆ ਦੇ ਖੇਤਰ 'ਚ ਵਡਮੁੱਲੇ ਯੋਗਦਾਨ ਨੂੰ ਦੇਖਦਿਆਂ ਵਰਗੀਕਰਨ ਕੀਤੀਆਂ 8 ਸ਼੍ਰੇਣੀਆਂ ਮੁਤਾਬਕ ਚੋਣ ਕੀਤੀ ਜਾਇਆ ਕਰੇਗੀ। ਦੱਸ ਦਈਏ ਕਿ ਸੂਬਾ ਸਰਕਾਰ/ਭਾਰਤ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ 'ਤੇ ਰਾਜਾਂ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਟੇਟ ਅਤੇ ਨੈਸ਼ਨਲ ਪੱਧਰੀ ਐਵਾਰਡ ਪ੍ਰਦਾਨ ਕੀਤੇ ਜਾਂਦੇ ਹਨ, ਪਰ ਨਿੱਜੀ ਸਕੂਲਾਂ ਦੇ ਅਧਿਆਪਕ ਵੱਡੀ ਕਾਰਗੁਜ਼ਾਰੀ ਦੇ ਬਾਵਜ਼ੂਦ ਵਾਂਝੇ ਰਹਿ ਜਾਂਦੇ ਰਹੇ।

ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਗੁਣਾਤਮਿਕ ਸਿੱਖਿਆ 'ਚ ਤੇਜ਼ੀ ਨਾਲ ਹੋ ਰਹੇ ਸੁਧਾਰਾਂ ਨੇ ਪ੍ਰਰਾਈਵੇਟ ਸਕੂਲਾਂ ਪ੍ਰਤੀ ਲੋਕਾਂ ਦੇ ਦਿਲਾਂ 'ਚ ਮਜ਼ਬੂਤ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਕੁੱਲ 34 ਹਜ਼ਾਰ ਦੇ ਕਰੀਬ ਸਕੂਲ ਮੌਜੂਦ ਹਨ, ਜਿਨ੍ਹਾਂ ਵਿਚੋਂ 17 ਹਜ਼ਾਰ ਦੇ ਕਰੀਬ ਪ੍ਰਰਾਈਵੇਟ ਸਕੂਲ ਹਨ। ਪਿਛਲੇ ਸਾਲ ਦੇ ਦਾਖ਼ਲਾ ਅਨੁਪਾਤ ਅਨੁਸਾਰ ਕੁੱਲ 57 ਲੱਖ ਵਿਦਿਆਰਥੀਆਂ ਨੇ ਦਾਖ਼ਲੇ ਲਏ, ਜਿਨ੍ਹਾਂ ਵਿਚੋਂ 32 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਨਿੱਜੀ ਸਕੂਲਾਂ 'ਚ ਦਾਖ਼ਲਾ ਲਿਆ। ਉਨ੍ਹਾਂ ਕਿਹਾ ਕਿ ਰੋਜ਼ਗਾਰ ਪੱਖੋਂ ਵੀ ਪ੍ਰਰਾਈਵੇਟ ਸਕੂਲਾਂ ਦੀ ਵੱਡੀ ਦੇਣ ਹੈ, ਸੂਬੇ 'ਚ 2 ਲੱਖ ਦੇ ਕਰੀਬ ਸਕੂਲੀ ਅਧਿਆਪਕ ਹਨ, ਜਿਨ੍ਹਾਂ ਵਿਚੋਂ 52 ਫ਼ੀਸਦੀ ਅਧਿਆਪਕ ਪ੍ਰਰਾਈਵੇਟ ਸਕੂਲਾਂ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਅੌਰਤਾਂ ਲਈ ਰੋਜ਼ਗਾਰ ਦੇ ਮੌਕੇ ਸਿਰਜਣ 'ਚ ਨਿੱਜੀ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ, ਪ੍ਰਰਾਈਵੇਟ ਸਕੂਲਾਂ 'ਚ ਪੜ੍ਹਾਉਣ ਵਾਲੇ ਕੁੱਲ ਅਧਿਆਪਕਾਂ ਵਿਚੋਂ 81 ਫ਼ੀਸਦੀ ਅਧਿਆਪਕਾਵਾਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਪ੍ਰਰਾਈਵੇਟ ਸਕੂਲਾਂ ਦੇ ਕੁੱਲ ਦਾਖ਼ਲਾ ਅਨੁਪਾਤ 'ਚ 11.8 ਫ਼ੀਸਦੀ ਦਾ ਇਜ਼ਾਫ਼ਾ ਦਰਜ ਕੀਤਾ ਗਿਆ ਹੈ ਜਦਕਿ ਸੂਬੇ 'ਚ ਡਰੌਪ-ਆਊਟ ਅਨੁਪਾਤ ਵੀ 1.1 ਫ਼ੀਸਦੀ ਘਟਿਆ ਹੈ, ਜਿਸ ਦੀ ਬਤੌਲਤ ਸੂਬੇ 'ਚ ਸਾਖਰਤਾ ਦਰ ਵੀ ਵੱਡੇ ਪੱਧਰ 'ਤੇ ਮਜ਼ਬੂਤ ਹੋਈ ਹੈ। ਨਾਮਜ਼ਦਗੀਆਂ ਸਬੰਧੀ ਪ੍ਰਰੀਕਿਰਿਆ ਸਬੰਧੀ ਸਹਾਇਤਾ ਲਈ ਪੰਜਾਬ ਦੇ 22 ਜ਼ਿਲਿ੍ਹਆਂ 'ਚ ਇੰਚਾਰਜ ਲਗਾਏ ਹਨ। ਧੂਰੀ ਨੇ ਦੱਸਿਆ ਕਿ ਸੀਬੀਐੱਸਈ, ਪੀਅੱੈਸਈਬੀ, ਆਈਸੀਐੱਸਈ ਅਤੇ ਅੰਤਰਰਾਸ਼ਟਰੀ ਬੋਰਡ ਵੱਲੋਂ ਮਾਨਤਾ ਪ੍ਰਰਾਪਤ ਸਾਰੇ ਨਿੱਜੀ ਸਕੂਲ 25 ਅਪ੍ਰਰੈਲ 2021 ਤੋਂ ਐਵਾਰਡਾਂ ਸਬੰਧੀ ਨਾਮਜ਼ਦਗੀਆਂ ਭਰਨ ਦੇ ਯੋਗ ਹੋਣਗੇ। ਐਵਾਰਡਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 20 ਮਈ ਹੋਵੇਗੀ ਜਦਕਿ ਬੈਸਟ ਸਕੂਲ ਸ਼੍ਰੇਣੀ ਦੇ ਐਵਾਰਡਾਂ ਦਾ ਐਲਾਨ 12 ਜੂਨ, 2021 ਨੂੰ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਐਵਾਰਡਾਂ ਦੀਆਂ ਬਾਕੀ ਦੀਆਂ ਸ਼੍ਰੇਣੀਆਂ ਦਾ ਐਲਾਨ 3 ਸਤੰਬਰ, 2021 ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਐਵਾਰਡਾਂ ਦੀ ਵੰਡ ਸਬੰਧੀ ਸਮਾਗਮ ਦੌਰਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਵਾਰਡਾਂ ਦੀਆਂ ਨਾਮਜ਼ਦਗੀਆਂ, ਯੋਗਤਾ ਅਤੇ ਮਾਪਦੰਡਾਂ ਸਬੰਧੀ ਉਮੀਦਵਾਰ ਵਿਸਥਾਰਿਤ ਬਿਊਰਾ ਵੈਬਸਾਈਟ ਤੋਂ ਪ੍ਰਰਾਪਤ ਕਰ ਸਕਦੇ ਹਨ।

ਅੱਠ ਸ਼ੇ੍ਣੀਆਂ 'ਚ ਵੰਡੇ ਇਨਾਮ

ਨਿੱਜੀ ਸਕੂਲਾਂ ਨੂੰ ਦਿੱਤੇ ਜਾਣ ਵਾਲੇ ਖ਼ਿਤਾਬ 8 ਸ਼੍ਰੇਣੀਆਂ 'ਚ ਵੰਡੇ ਗਏ ਹਨ। ਇਨ੍ਹਾਂ 'ਚ 'ਬੈਸਟ ਇਨਫ਼ਾਸਟ੍ਕਚਰ ਸਕੂਲ', ਬੈਸਟ ਸਪੋਰਟਸ ਸਕੂਲ, ਬੈਸਟ ਇਕੋ-ਫ਼੍ਰੈਂਡਲੀ ਸਕੂਲ, ਬੈਸਟ ਸਕੂਲ ਫ਼ਾਰ ਅਕੈਡਮਿਕ ਪ੍ਰਫਾਰਮੈਂਸ, ਬੈਸਟ ਕਲੀਨ ਐਂਡ ਹਾਈਜ਼ੀਨ ਵਾਤਾਵਰਣ, ਬੈਸਟ ਟੀਚਿੰਗ ਪ੍ਰਰੈਕਟਿਸ, ਸਕੂਲ ਵਿਦ ਯੂਨੀਕ ਫੈਸੀਲਿਟੀਜ਼, ਬੈਸਟ ਬਜ਼ਟ ਸਕੂਲ ਵਿੱਦ ਮੈਕਸੀਮਮ ਫੈਸੀਲਿਟੀਜ਼ ਅਤੇ ਬੈਸਟ ਸਕੂਲ ਯੂਸਿੰਗ ਟੈਕਨਾਲੋਜੀ ਐਵਾਰਡ ਸ਼ਾਮਿਲ ਹਨ।

ਇਸੇ ਤਰ੍ਹਾਂ ਅਧਿਆਪਕਾਂ ਦੀ ਭੂਮਿਕਾ ਨੂੰ ਦਰਸਾਉਂਦਾ ਤੇ ਅਹਿਮ ਕਾਰਗੁਜ਼ਾਰੀ ਪ੍ਰਤੀ ਮਿਸਾਲ ਲਈ ਫੈਡਰੇਸ਼ਨ ਵੱਲੋਂ ਅਧਿਆਪਕਾਂ ਦੇ ਸਨਮਾਨ ਲਈ 'ਦ੍ਰੋਣਾਚਾਰਿਆ ਐਵਾਰਡ' ਭੇਂਟ ਕੀਤੇ ਜਾਣਗੇ। ਇਸੇ ਤਰ੍ਹਾਂ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਖੇਡਾਂ 'ਚ ਪ੍ਰਰਾਪਤੀਆਂ ਨੂੰ ਸਨਮਾਨ ਦੇਣ ਲਈ 'ਮਾਣ ਪੰਜਾਬ ਦਾ' ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਸੀਬੀਐੱਸਈ, ਪੀਐੱਸਈਬੀ, ਆਈਐੱਸਸੀਈ ਅਤੇ ਅੰਤਰਰਾਸ਼ਟਰੀ ਬੋਰਡਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਭੇਂਟ ਕੀਤਾ ਜਾਵੇਗਾ, ਜਿਨ੍ਹਾਂ ਜ਼ਿਲ੍ਹਾ ਪੱਧਰ 'ਤੇ 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰਰੀਖਿਆਵਾਂ 'ਚ ਸ਼ਾਨਦਾਰ ਪ੍ਰਰਾਪਤੀ ਦਰਜ ਕਰਵਾਈ ਹੈ। ਇਸ ਸ਼੍ਰੇਣੀ 'ਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਰਾਸ਼ਟਰੀ ਪੱਧਰ 'ਤੇ ਖੇਡਾਂ 'ਚ ਪੁਜੀਸ਼ਨ ਹਾਸਲ ਕੀਤੀ ਹੈ।

ਪੁਰਸਕਾਰਾਂ ਲਈ ਜੱਜਾਂ ਦਾ ਬਣੇਗਾ ਪੈਨਲ

ਪੁਰਸਕਾਰਾਂ ਦੀ ਚੋਣ ਲਈ ਜੱਜਾਂ ਦੀ ਵਿਸ਼ੇਸ਼ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਉਘੇ ਸਿੱਖਿਆ ਸ਼ਾਸਤਰੀ ਅਤੇ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਕਿਸੇ ਸਕੂਲ ਨਾਲ ਕੋਈ ਸਰੋਕਾਰ ਨਹੀਂ ਨਹੀਂ ਹੋਵੇਗਾ। ਉਕਤ ਕਮੇਟੀ ਸਾਰੀਆਂ ਅਰਜ਼ੀਆਂ ਦਾ ਮੁਲਾਂਕਣ ਕਰੇਗੀ ਅਤੇ ਪੁਰਸਕਾਰਾਂ ਦੇ ਜੇਤੂ ਉਮੀਦਵਾਰਾਂ ਦੀ ਪਛਾਣ ਕਰਕੇ ਫੈਡਰੇਸ਼ਨ ਨੂੰ ਐਵਾਰਡਾਂ ਲਈ ਢੁੱਕਵੀਂ ਸਿਫ਼ਾਰਿਸ਼ ਕਰੇਗੀ।