ਸਤਵਿੰਦਰ ਧੜਾਕ, ਮੋਹਾਲੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਸੋਮਵਾਰ ਨੂੰ ਚੰਡੀਗੜ੍ਹ ਫੇਰੀ ਦੌਰਾਨ ਨੈਸ਼ਨਲ ਹਾਈਵੇ 21 'ਤੇ ਸਥਿਤ ਦੇਸੂ ਮਾਜਰਾ ਸਕੂਲ ਵਿਖੇ ਅਚਾਨਕ ਦਸਤਕ ਦੇ ਦਿੱਤੀ। ਇਸ ਦੌਰਾਨ ਉਨ੍ਹਾਂ ਸਕੂਲ ਦੇ ਵਿਚ ਪੜ੍ਹਾਈ, ਬੱਚਿਆਂ ਦੀ ਗਿਣਤੀ ਅਤੇ ਹੋਰ ਕਈ ਮੁੱਦਿਆਂ 'ਤੇ ਜਾਣਕਾਰੀ ਹਾਸਲ ਕੀਤੀ। ਵੇਰਵਿਆਂ ਅਨੁਸਾਰ ਉਹ ਕਰੀਬ ਅੱਧਾ ਘੰਟਾ ਸਕੂਲ 'ਚ ਰਹੇ ਤੇ ਉਨ੍ਹਾਂ ਇਕੱਲੀ-ਇਕੱਲੀ ਕਲਾਸ ਵਿਚ ਜਾ ਕੇ ਜਾਂਚ ਕੀਤੀ।

ਇਸ ਦੌਰਾਨ ਕਈ ਕਲਾਸਾਂ 'ਚ ਬੱਚੇ ਹੇਠਾਂ ਟਾਟ 'ਤੇ ਬੈਠੇ ਸਨ। ਉੱਥੇ ਮੌਜੂਦ ਅਧਿਆਪਕਾ ਨੇ ਦੱਸਿਆ ਕਿ ਬੈਂਚ ਪੂਰੇ ਨਾ ਹੋਣ ਕਰਕੇ ਕਈ ਬੱਚਿਆਂ ਨੂੰ ਟਾਟ 'ਤੇ ਬੈਠਣਾ ਪੈਂਦਾ ਹੈ। ਹੋਰ ਵੀ ਕਈ ਸਾਰੀਆਂ ਦਿੱਕਤਾਂ ਸਾਹਮਣੇ ਆਈਆਂ। ਇਸ ਸਬੰਧੀ ਉਨ੍ਹਾਂ ਇਕ ਵੀਡੀਓ ਟਵੀਟ ਰਾਹੀਂ ਵੀ ਸ਼ੇਅਰ ਕੀਤੀ ਹੈ।

ਦਰਅਸਲ 3 ਹਫ਼ਤੇ ਪਹਿਲਾਂ ਇਸੇ ਸਕੂਲ 'ਚ ਮੀਂਹ ਦਾ ਪਾਣੀ ਭਰ ਗਿਆ ਸੀ। ਕਲਾਸਰੂਮ ਤੋਂ ਲੈ ਕੇ ਦਫ਼ਤਰ ਦੇ ਅੰਦਰ ਤਕ ਪਾਣੀ ਜਮ੍ਹਾਂ ਹੋ ਗਿਆ ਸੀ। ਇਸ ਤੋਂ ਬਾਅਦ ਵੀ ਮੰਤਰੀ ਬੈਂਸ ਨੇ ਤੁਰੰਤ ਅਫ਼ਸਰਾਂ ਨੂੰ ਉੱਥੇ ਭੇਜਿਆ। ਹਾਲਾਂਕਿ ਅਜੇ ਵੀ ਸਕੂਲ ਦੀ ਇਮਾਰਤ ਦੀ ਕੰਧ ਬਾਰਿਸ਼ ਦੀ ਵਜ੍ਹਾ ਨਾਲ ਖਸਤਾਹਾਲ ਨਜ਼ਰ ਆਈ।

Posted By: Seema Anand