ਗੁਰਮੀਤ ਸਿੰਘ ਸ਼ਾਹੀ, ਐੱਸਏਐੱਸ ਨਗਰ : ਵਿਦਿਆਰਥੀਆਂ ਕੋਲੋਂ ਫ਼ੀਸਾਂ ਵਸੂਲਣ ਦਾ ਮਾਮਲਾ ਭਾਵੇਂ ਮਾਣਯੋਗ ਹਾਈ ਕੋਰਟ 'ਚ ਵਿਚਾਰ ਅਧੀਨ ਹੈ ਪਰ ਫਿਰ ਵੀ ਕਈ ਸਕੂਲ ਵਿਦਿਆਰਥੀਆਂ 'ਤੇ ਦਬਾਅ ਬਣਾ ਕੇ ਫ਼ੀਸਾਂ ਜਮ੍ਹਾਂ ਕਰਵਾਉਂਦੇ ਹਨ।

ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਪੇਰੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਰਾਜੀਵ ਸਿੰਗਲਾ, ਧਰਮਿੰਦਰ, ਸੰਜੇ, ਦਲਬੀਰ ਸਿੰਘ, ਦਿਨੇਸ਼ ਗੁਪਤਾ ਆਦਿ ਅਹੁਦੇਦਾਰਾਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਸਥਿਤ ਓਪੀ ਬਾਂਸਲ ਮਾਡਰਨ ਸਕੂਲ ਦੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਲਿਆਂਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੇ ਫ਼ੀਸਾਂ ਨਾ ਦੇਣ 'ਤੇ ਵਿਦਿਆਰਥੀਆਂ ਦੇ ਆਨਲਾਈਨ ਪੜ੍ਹਾਈ ਟਚੋਂ ਨਾਂ ਕੱਟ ਦਿੱਤੇ ਅਤੇ ਨਾਲ ਹੀ ਅਗਲੀ ਕਲਾਸ ਵਿਚ ਪ੍ਰਮੋਟ ਕਰਨ 'ਤੇ ਵੀ ਰੋਕ ਲਾ ਦਿੱਤੀ ਗਈ।

ਪੇਰੈਂਟਸ ਐਸੋਸੀਏਸ਼ਨ ਨਾਲ ਜੁੜੇ ਹੋਏ ਮਾਪਿਆਂ ਨੇ ਇਸ ਸਬੰਧੀ ਹਰ ਸਰਕਾਰੀ ਦਫ਼ਤਰ ਅਤੇ ਅਫ਼ਸਰ ਨੂੰ ਸ਼ਿਕਾਇਤ ਕੀਤੀ ਪਰ ਸਕੂਲ ਆਪਣੇ ਰਾਜਸੀ ਅਤੇ ਪੈਸੇ ਦੇ ਰਸੂਖ ਕਾਰਨ ਕਾਰਵਾਈ ਤੋਂ ਬਚਦਾ ਰਿਹਾ। ਉਨ੍ਹਾਂ ਕਿਹਾ ਕਿ ਇਹ ਸਕੂਲ ਸੀਬੀਐੱਸਈ ਨਾਲ ਐਫੀਲੀਏਟਿਡ ਹੈ, ਜਿਸ ਕਾਰਨ ਇਹ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਦੀ ਪਰਵਾਹ ਨਹੀਂ ਕਰਦਾ। ਪੇਰੈਂਟਸ ਐਸੋਸੀਏਸ਼ਨ ਵੱਲੋਂ ਇਹ ਮਾਮਲਾ ਕੇਸ ਦਾਇਰ ਕਰਵਾ ਕੇ ਹਾਈ ਕੋਰਟ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ। ਹਾਈ ਕੋਰਟ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਨੇ ਇਸ ਸਕੂਲ ਦੀ ਐੱਨਓਸੀ ਰੱਦ ਕਰ ਦਿੱਤੀ ਹੈ ਅਤੇ ਇਸ ਸਕੂਲ ਦੀ ਮਾਨਤਾ ਖ਼ਤਮ ਕਰਨ ਲਈ ਸੀਬੀਐੱਸਈ ਤੇ ਹੋਰ ਸਬੰਧਤ ਅਦਾਰਿਆਂ ਨੂੰ ਵੀ ਅਪੀਲ ਕੀਤੀ ਹੈ।

'ਐੱਨਓਸੀ ਰੱਦ ਕਰਨ ਬਾਰੇ ਸਕੂਲ ਪ੍ਰਬੰਧਕਾਂ ਨੂੰ ਦੇ ਦਿੱਤੀ ਹੈ ਜਾਣਕਾਰੀ'

ਸੰਪਰਕ ਕਰਨ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਤਹਿਗੜ੍ਹ ਸਾਹਿਬ ਦੇ ਸੁਪਰਡੈਂਟ ਰਾਜੇਸ਼ ਕੁਮਾਰ ਨੇ ਦੱਸਿਆ ਕਿ ਓਪੀ ਬਾਂਸਲ ਮਾਡਰਨ ਸਕੂਲ ਨੂੰ ਸਿੱਖਿਆ ਵਿਭਾਗ ਵੱਲੋਂ ਦਿੱਤੀ ਗਈ ਐੱਨਓਸੀ ਰੱਦ ਕਰਨ ਦੀ ਕਾਪੀ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਤਹਿਗੜ੍ਹ ਸਾਹਿਬ ਦਫ਼ਤਰ ਵਿਖੇ ਪਹੁੰਚ ਗਈ ਹੈ, ਜਿਸ ਬਾਰੇ ਸਬੰਧਤ ਸਕੂਲ ਪ੍ਰਬੰਧਕਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

Posted By: Seema Anand