State Teacher Award 2022 : ਸਤਵਿੰਦਰ ਧੜਾਕ, ਮੋਹਾਲੀ : ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀਂ ਸਟੇਟ ਅਧਿਆਪਕ ਐਵਾਰਡ ਵਾਸਤੇ ਸਾਰੇ ਜ਼ਿਲ੍ਹਿਆਂ 'ਚੋਂ ਭਰੀਆਂ ਨੋਮੀਨੇਸ਼ਨ ਦੇ ਆਧਾਰ 'ਤੇ ਹੁਣ ਪ੍ਰੈਜ਼ੇਂਟਸ਼ਨ ਲੈਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 16 ਅਗਸਤ ਨੂੰ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫ਼ਰੀਦਕੋਟ ਤੇ ਫ਼ਤਹਿਗੜ੍ਹ ਸਾਹਿਬ ਦੇ 35 ਅਧਿਆਪਕ ਆਪਣੀਆਂ ਪ੍ਰੈਜ਼ੇਂਟਸਨ ਜਜਮੈਂਟ ਪੈਨਲ ਅੱਗੇ ਰੱਖਣਗੇ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ।

ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਅਧਿਆਪਕ ਵੀ 24 ਅਗਸਤ ਤਕ ਕ੍ਰਮਵਾਰ 17, 18, 22, 23 ਅਤੇ 24 ਅਗਸਤ ਤਕ ਵਾਰੋ-ਵਾਰੀ ਆਪੋ-ਆਪਣੀਆਂ ਪ੍ਰਾਪਤੀਆਂ ਦੇ ਵੇਰਵੇ ਪੇਸ਼ ਕਰਨਗੇ। ਸਿੱਖਿਆ ਵਿਭਾਗ ਵੱਲੋਂ ਜਾਰੀ ਪੰਜ ਨੁਕਾਤੀ ਪੱਤਰ ਅਨੁਸਾਰ ਪ੍ਰੈਜ਼ੇਂਟਸ਼ਨ ਵੀਡੀਓ ਕਾਨਫਰੰਸ ਰਾਹੀਂ ਰੋਜ਼ਾਨਾ ਸਵੇਰੇ 10 ਵਜੇ ਸ਼ੁਰੂ ਹੋਵੇਗੀ ਜਿਸ ਦਾ ਲਿੰਕ ਅਧਿਆਪਕਾਂ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈ। ਪੂਰੇ ਪੰਜਾਬ 'ਚੋਂ ਸਟੇਟ ਅਧਿਆਪਕ ਖ਼ਿਤਾਬ ਵਾਸਤੇ ਕੁੱਲ 162 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਅਰਜ਼ੀਆਂ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਤ ਹਨ। ਇਸੇ ਤਰ੍ਹਾਂ ਯੰਗ ਟੀਚਰ ਐਵਾਰਡ ਵਾਸਤੇ ਪੂਰੇ ਪੰਜਾਬ 'ਚੋਂ ਸਿਰਫ਼ 39 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਹਨ। ਸਿੱਖਿਆ ਵਿਭਾਗ ਵੱਲੋਂ ਨਿਰਧਾਰਤ ਜਜਮੈਂਟ ਪੈਨਲ ਪ੍ਰਾਪਤ ਅਰਜ਼ੀਆਂ ਦੇ ਆਧਾਰ 'ਤੇ ਅਧਿਆਪਕਾਂ ਦੇ ਗੁਣਾਂ ਅਤੇ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣਾ ਫ਼ੈਸਲਾ ਦੇਵੇਗਾ।

Posted By: Seema Anand