ਜੇਐੱਨਐੱਨ, ਮੋਹਾਲੀ : ਇਨਸਾਨ ਤੋਂ ਜ਼ਿਆਦਾ ਵਫ਼ਾਦਾਰ ਕੁੱਤਾ ਹੁੰਦਾ ਹੈ। ਇਹ ਗੱਲ ਡੇਰਾਬੱਸੀ 'ਚ ਐੱਸਬੀਪੀ ਹਾਊਸਿੰਗ ਪ੍ਰਾਜੈਕਟ 'ਚ ਇਕ ਕੁੱਤੇ ਨੇ ਆਪਣੀ ਜਾਨ ਗਵਾ ਕੇ ਆਪਣੇ ਮਾਲਕ ਦੀ ਜਾਨ ਬਚਾ ਕੇ ਸਾਬਿਤ ਕੀਤੀ। ਐੱਸਬੀਪੀ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਉਸ ਸਮੇਂ ਨੌਜਵਾਨ ਦੀ ਜਾਨ ਚਲੀ ਜਾਂਦੀ, ਜਦੋਂ ਬਿਜਲੀ ਦੀਆਂ ਨੰਗੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ ਪਹਿਲਾਂ ਉਸ ਦੇ ਪਾਲਤੂ ਕੁੱਤੇ ਨੇ ਮਾਲਕ ਦਾ ਹੱਥ ਕੱਟ ਕੇ ਉਸ ਨੂੰ ਪਿੱਛੇ ਨਾ ਧੱਕਿਆ ਹੁੰਦਾ। ਇਸ ਹਾਦਸੇ 'ਚ ਬੇਸ਼ੱਕ ਪਾਲਤੂ ਕੁੱਤੇ ਦੀ ਜਾਨ ਚਲੀ ਗਈ ਪਰ ਮਰਨ ਤੋਂ ਪਹਿਲਾਂ ਉਹ ਆਪਣੇ ਮਾਲਕ ਨੂੰ ਨਵਾਂ ਜੀਵਨ ਦਾਨ ਦੇ ਗਿਆ। ਕੁੱਤੇ ਦੇ ਮਾਲਕ ਜਸਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਉਹ ਇਕ ਸਾਲ ਪਹਿਲਾਂ ਐੱਸਬੀਪੀ ਫਲੈਟ 'ਚ ਬਣੇ ਫਲੈਟ 'ਚ ਪਰਿਵਾਰ ਤੇ ਆਪਣੇ ਪਾਲਤੂ ਕੁੱਤੇ ਨਾਲ ਰਹਿਣ ਆਏ ਸਨ। ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਉਹ ਆਪਣੇ ਲੈਬਰਾ ਕੁੱਤੇ ਨੂੰ ਫਲੈਟ ਨਜ਼ਦੀਕ ਘੁਮਾ ਰਿਹਾ ਸੀ ਤਾਂ ਰਸਤੇ 'ਚ ਠਹਿਰੇ ਬਰਸਾਤੀ ਪਾਣੀ 'ਚੋਂ ਨਿਕਲਣ ਸਮੇਂ ਅਚਾਨਕ ਉਨ੍ਹਾਂ ਦੇ ਕੁੱਤੇ ਨੂੰ ਕਰੰਟ ਲੱਗਿਆ, ਜਿਸ ਨੂੰ ਬਚਾਉਣ ਲਈ ਜਦੋਂ ਉਨ੍ਹਾਂ ਨੇ ਕੁੱਤੇ ਨੂੰ ਹੱਥ ਲਾਇਆ ਤਾਂ ਉਹ ਵੀ ਕਰੰਟ ਦੀ ਲਪੇਟ 'ਚ ਆ ਗਏ। ਇਸ ਦੌਰਾਨ ਕੁੱਤੇ ਨੇ ਉਸ ਦੇ ਹੱਥ 'ਤੇ ਦੰਦੀ ਭੋਰਦਿਆਂ ਉਸ ਨੂੰ ਕਰੰਟ ਵਾਲੀ ਤਾਰ ਤੋਂ ਦੂਰ ਕਰ ਦਿੱਤਾ ਪਰ ਉਹ ਖ਼ੁਦ ਨਹੀਂ ਬਚ ਸਕਿਆ। ਕੁੱਤਾ ਇਕ ਸਾਲ ਦਾ ਸੀ।

Posted By: Seema Anand