ਸਤਵਿੰਦਰ ਸਿੰਘ ਧੜਾਕ, ਮੋਹਾਲੀ : ਸਿੱਖਿਆ ਵਿਭਾਗ ਵੱਲੋਂ 28 ਫਰਵਰੀ, 2020 ਨੂੰ 3704 ਮਾਸਟਰ ਕਾਡਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰਕੇ ਭਰਤੀ ਪ੍ਰਕਿਰਿਆ ਆਰੰਭ ਦਿੱਤੀ ਗਈ ਸੀ। ਇਸ ਵਿੱਚ ਪੰਜਾਬੀ, ਹਿੰਦੀ ਅੰਗਰੇਜ਼ੀ, ਸਮਾਜਿਕ ਸਿੱਖਿਆ, ਗਣਿਤ ਅਤੇ ਸਾਇੰਸ ਵਿਸ਼ਿਆਂ ਦੀਆਂ ਮਾਸਟਰ ਕਾਡਰ ਦੀਆਂ ਅਸਾਮੀਆਂ ਬਾਰੇ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਗਈ ਸੀ ਅਤੇ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਬਾਅਦ ਵਿੱਚ ਇਹਨਾਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਲਈ ਗਈ। ਪੰਜਾਬੀ ਵਿਸ਼ੇ ਨੂੰ ਛੱਡ ਕੇ ਬਾਕੀ ਪੰਜ ਵਿਸ਼ਿਆਂ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।

ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 27 ਦਸੰਬਰ, 2020 ਨੂੰ ਹਿੰਦੀ ਦੀਆਂ 200, 28 ਦਸੰਬਰ, 2020 ਨੂੰ ਅੰਗਰੇਜ਼ੀ ਦੀਆਂ 956, 9 ਜਨਵਰੀ, 2021 ਨੂੰ ਸਮਾਜਿਕ ਸਿੱਖਿਆ ਦੀਆਂ 204 ਅਤੇ ਮੈਥ ਦੀਆਂ 966 ਅਤੇ 10 ਜਨਵਰੀ, 2021 ਨੂੰ ਸਾਇੰਸ ਦੀਆਂ 1207 ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ ਸੀ। ਇਹਨਾਂ ਪ੍ਰੀਖਿਆਵਾਂ ਵਿੱਚ ਸਬੰਧਿਤ ਪ੍ਰਸ਼ਨਾਂ ਦੀ ਉੱਤਰ ਕੁੰਜੀਆਂ ਭਰਤੀ ਡਾਇਰੈਕਟੋਰੇਟ ਵੱਲੋਂ ਸਬੰਧਿਤ ਵੈਬਸਾਈਟ 'ਤੇ ਇਤਰਾਜ ਮੰਗਣ ਲਈ ਅਪਲੋਡ ਕਰ ਦਿੱਤੀਆਂ ਗਈਆਂ ਸਨ ਅਤੇ ਇਤਰਾਜ ਪ੍ਰਾਪਤ ਹੋਣ ਅਤੇ ਇਤਰਾਜਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਨਤੀਜਾ ਤਿਆਰ ਕਰਕੇ ਭਰਤੀ ਬੋਰਡ ਵੱਲੋਂ ਘੋਸ਼ਿਤ ਕਰ ਦਿੱਤਾ ਗਿਆ ਹੈ। ਨਤੀਜਾ ਉਮੀਦਵਾਰਾਂ ਦੇ ਆਪਣੇ-ਆਪਣੇ ਲਾਗਇਨ ਆਈ 'ਤੇ ਉਪਲਬਧ ਕਰਵਾ ਦਿੱਤਾ ਗਿਆ ਹੈ ਜਿੱਥੇ ਉਮੀਦਵਾਰ ਆਪਣਾ-ਆਪਣਾ ਨਤੀਜਾ ਦੇਖ ਸਕਦੇ ਹਨ।

ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ 3704 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਬਹੁਤ ਹੀ ਤੇਜੀ ਨਾਲ ਪ੍ਰਕਿਰਿਆ ਕੀਤੀ ਗਈ ਹੈ। ਸਿੱਖਿਆ ਭਰਤੀ ਬੋਰਡ ਵੱਲੋਂ ਭਰਤੀ ਪ੍ਰੀਖਿਆ ਲੈਣ ਸਮੇਂ ਵੀ ਸੁਚਾਰੂ ਅਤੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਹਨਾਂ ਪ੍ਰਬੰਧਾਂ ਦੇ ਚਲਦਿਆਂ ਸਾਹਮਣੇ ਆਏ ਇਮਪਰਸੋਨੇਸ਼ਨ ਕੇਸਾਂ 'ਤੇ ਵੀ ਤੁਰੰਤ ਕਾਰਵਾਈ ਕਰਦਿਆਂ ਸਬੰਧਿਤ ਉਮੀਦਵਾਰਾਂ 'ਤੇ ਕਾਰਵਾਈ ਗਈ ਅਤੇ ਇਹਨਾਂ ਅਸਾਮੀਆਂ ਲਈ ਕੀਤੀ ਗਈ ਬਿਨੈ-ਪੱਤਰਾਂ 'ਤੇ ਕਾਰਵਾਈ ਕਰਦਿਆਂ ਪਾਤਰਤਾ ਵੀ ਰੱਦ ਕੀਤੀ ਗਈ ਹੈ।

Posted By: Ramanjit Kaur