School Leaving Certificate process : ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਮੁਹੱਈਆ ਕਰਵਾਉਣ ਦੀ ਵਿਧੀ ਨੂੰ ਸੁਖਾਲਾ ਬਣਾ ਦਿੱਤਾ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਹੁਣ ਇਹ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਾਰ-ਵਾਰ ਸਕੂਲਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਦੀ ਵਿਧੀ ਨੂੰ ਸੁਖਾਲਾ ਬਣਾਉਣ ਲਈ ਵਿਭਾਗ ਨੇ ਇਕ ਆਨਲਾਈਨ ਪੋਰਟਲ ਤਿਆਰ ਕੀਤਾ ਹੈ। ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਪੱਤਰ 'ਚ ਨਿਰਦੇਸ਼ ਦਿੱਤੇ ਗਏ ਹਨ ਕਿ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਦਾ ਸੁਪਰਡੈਂਟ ਇਸ ਨਵੇਂ ਤਿਆਰ ਕੀਤੇ ਪੋਰਟਲ 'ਤੇ ਲੌਗਇੰਨ ਕਰ ਕੇ ਸਕੂਲ ਤੋਂ ਆਨਲਾਈਨ ਪ੍ਰਾਪਤ ਟਰਾਂਸਫਰ ਸਰਟੀਫਿਕੇਟ ਦੀ ਕਾਪੀ ਦਾ ਪ੍ਰਿੰਟ ਲੈ ਕੇ ਦੋ ਘੰਟੇ ਦੇ ਅੰਦਰ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਹਸਤਾਖ਼ਰ ਕਰਵਾ ਕੇ ਸਬੰਧਿਤ ਨੂੰ ਦੇਵੇਗਾ। ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ 'ਚ ਮੌਜੂਦ ਨਾ ਹੋਣ ਦੀ ਸੂਰਤ 'ਚ ਉਸ ਦੇ ਆਉਣ ਤੋਂ ਤੁਰੰਤ ਬਾਅਦ ਇਸ ਨੂੰ ਜਾਰੀ ਕਰਵਾਉਣਗੇ। ਬੁਲਾਰੇ ਅਨੁਸਾਰ ਸੁਪਰਡੈਂਟ ਦੇ ਦਫਤਰ 'ਚ ਹਾਜ਼ਰ ਨਾ ਹੋਣ ਦੀ ਸੂਰਤ 'ਚ ਜ਼ਿੰਮੇਵਾਰੀ ਸੀਨੀਅਰ ਕਰਮਚਾਰੀ ਨਿਭਾਏਗਾ।

ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੋਰਟਲ 'ਤੇ ਸਰਟੀਫਿਕੇਟ ਅਪਲੋਡ ਕਰਨ ਤੋਂ ਪਹਿਲਾਂ ਸਬੰਧਿਤ ਵਿਦਿਆਰਥੀ ਦੇ ਵੇਰਵਿਆਂ ਦਾ ਮਿਲਾਨ ਚੰਗੀ ਤਰ੍ਹਾਂ ਸਕੂਲ ਦੇ ਦਾਖਲਾ ਖਾਰਜ ਰਜਿਸਟਰ ਨਾਲ ਕਰਨ। ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਇਸ ਸਬੰਧ 'ਚ ਕਿਸੇ ਵੀ ਸਕੂਲ ਦਾ ਰਿਕਾਰਡ ਦਫਤਰ ਵਿਚ ਨਾ ਮੰਗਵਾਉਣ ਤੇ ਨਾ ਹੀ ਇਸ ਮੰਤਵ ਲਈ ਕੋਈ ਅਧਿਆਪਕ/ਮੁਲਾਜ਼ਮ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ 'ਚ ਸੱਦਿਆ ਜਾਵੇਗਾ।

Posted By: Seema Anand