ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਐੱਸਐੱਸਪੀ ਕੋਠੀ ਦੇ ਨਾਲ ਫੇਜ਼-3ਏ ਦੇ ਪਾਰਕ 'ਚ ਬਣੇ ਫਾਉਂਟੇਨ 'ਚ ਜਮ੍ਹਾਂ ਸਾਢੇ ਤਿੰਨ ਫੁੱਟ ਪਾਣੀ 'ਚ ਡੁੱਬਣ ਕਰ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਹੁਣ ਇਹ ਕਤਲ ਹੈ ਜਾਂ ਹਾਦਸਾ ਇਸ ਗੱਲ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਹੋਵੇਗੀ। ਮਿ੍ਤਕ ਦੀ ਪਛਾਣ ਆਸ਼ੂ (29) ਵਾਸੀ ਹਾਉਸਿੰਗ ਬੋਰਡ ਕੰਪਲੈਕਸ ਮੌਲੀ ਜਾਗਰਾਂ ਚੰਡੀਗੜ੍ਹ ਵਜੋਂ ਹੋਈ ਹੈ। ਹਾਲਾਂਕਿ ਪੁਲਿਸ ਨੇ ਅਜੇ ਇਸ ਮਾਮਲੇ 'ਚ 174 ਦੀ ਕਾਰਵਾਈ ਕੀਤੀ ਹੈ। ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੇ ਬਾਅਦ ਮਿ੍ਤਕ ਆਸ਼ੂ ਦਾ ਵਿਸਰਾ ਲੈਬ 'ਚ ਭੇਜਿਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਰਿਪੋਰਟ ਆਉਣ ਦੇ ਬਾਅਦ ਹੀ ਲੱਗੇਗਾ।

ਸਵੇਰੇ ਸੈਰ ਕਰ ਰਹੇ ਰਾਹਗੀਰ ਨੇ ਦੇਖੀ ਲਾਸ਼

ਸਵੇਰੇ 6 ਵਜੇ ਪਾਰਕ 'ਚ ਸੈਰ ਕਰਨ ਆਏ ਰਾਮ ਤੀਰਥ ਨੇ ਪਾਣੀ 'ਚ ਭੂਰੇ ਰੰਗ ਦੀ ਲੋਈ ਲਪੇਟੇ ਇਕ ਵਿਅਕਤੀ ਦਾ ਸਿਰ ਦੇਖਿਆ। ਜਦੋਂ ਉਹ ਕੋਲ ਪਹੁੰਚਿਆ ਤਾਂ ਵਿਅਕਤੀ ਦੀ ਲਾਸ਼ ਪਾਣੀ 'ਚ ਤੈਰ ਰਹੀ ਸੀ। ਉਸ ਨੇ ਤੁਰੰਤ ਪੁਲਿਸ ਕੰਟਰੋਲ ਰੂਮ 'ਤੇ ਫੋਨ ਕੀਤਾ। ਮੌਕੇ 'ਤੇ ਪੁੱਜੇ ਮਟੌਰ ਥਾਣੇ ਵੱਲੋਂ ਏਐੱਸਆਈ ਲਖਵਿੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।

ਨਸ਼ਾ ਕਰਨ ਦਾ ਸੀ ਆਦੀ

ਮਿ੍ਤਕ ਆਸ਼ੂ ਦੇ ਭਰਾ ਰਾਜੇਸ਼ ਵਰਮਾ ਨੇ ਦੱਸਿਆ ਕਿ ਉਸ ਦੇ ਪਿਤਾ ਫੇਜ਼-3ਬੀ1 'ਚ ਵੇਰਕਾ ਬੂਥ ਦੇ ਕੋਲ ਬਰਫ਼ ਵੇਚਣ ਦਾ ਕੰਮ ਕਰਦੇ ਸਨ। ਦੋ ਮਹੀਨੇ ਪਹਿਲਾਂ ਉਨ੍ਹਾਂ ਦੀ ਵੀ ਮੌਤ ਹੋ ਗਈ ਸੀ। ਉਸਨੇ ਦੱਸਿਆ ਕਿ ਉਸਦਾ ਭਰਾ ਰੋਜਾਨਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਸਨ। ਰਾਜੇਸ਼ ਨੇ ਦੱਸਿਆ ਕਿ ਅਕਸਰ ਕਈ ਵਾਰ ਆਸ਼ੂ ਘਰ ਉੱਤੇ ਨਹੀਂ ਆਉਂਦਾ ਸੀ ਅਤੇ ਆਪਣੇ ਸੈਕਟਰ-52 ਸਥਿਤ ਦੋਸਤ ਦੇ ਘਰ ਚਲਾ ਜਾਂਦਾ ਸੀ। ਬੀਤੀ ਰਾਤ ਵੀ ਉਹਨਾਂ ਨੇ ਅਜਿਹਾ ਹੀ ਸੋਚਿਆ ਕਿ ਉਹ ਆਪਣੇ ਦੋਸਤ ਦੇ ਘਰ ਚਲਾ ਗਿਆ ਹੈ। ਪਰ ਸਵੇਰੇ ਪੁਲਿਸ ਦਾ ਫੋਨ ਆਇਆ ਕਿ ਉਸਦੀ ਮੌਤ ਹੋ ਚੁੱਕੀ ਹੈ।

ਕਤਲ ਜਾਂ ਹਾਦਸਾ

ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਹੋ ਸਕਦਾ ਹੈ ਸ਼ਰਾਬ ਪੀਕੇ ਆਸ਼ੂ ਸਾਢੇ ਤਿੰਨ ਫੁੱਟ ਪਾਣੀ 'ਚ ਡਿੱਗ ਗਿਆ ਹੋਵੇ ਅਤੇ ਜ਼ਿਆਦਾ ਨਸ਼ਾ ਹੋਣ ਦੇ ਕਾਰਨ ਉਹ ਬਾਹਰ ਨਾ ਨਿਕਲ ਸਕਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਜਾਂ ਫਿਰ ਫੁਹਾਰੇ ਦੇ ਕੋਲ ਉਸਨੂੰ ਮਿਰਗੀ ਦਾ ਦੌਰਾ ਪਿਆ ਹੋਵੇ ਅਤੇ ਪਾਣੀ 'ਚ ਡਿੱਗ ਕੇ ਉਸਦੀ ਮੌਤ ਹੋ ਗਈ ਹੋਵੇ। ਉਥੇ ਹੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਫੁਹਾਰੇ ਦੇ ਕੋਲ ਕੁੱਝ ਨਸ਼ੇ ਦਾ ਸਾਮਾਨ ਮਿਲਿਆ ਹੈ ਜਿਸ ਕਾਰਨ ਇਹ ਵੀ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਨਸ਼ੇ 'ਚ ਚੱਕਰ 'ਚ ਕਿਸੇ ਨੇ ਉਸਦਾ ਗਲਾ ਦਬਾਕੇ ਪਾਣੀ 'ਚ ਨਾ ਸੁੱਟਿਆ ਦਿੱਤਾ ਹੋਵੇ। ਜਿਸਦਾ ਪਤਾ ਲਗਾਇਆ ਜਾ ਰਿਹਾ ਹੈ।