ਜ਼ੀਰਕਪੁਰ : ਬੀਤੇ ਦਿਨੀਂ ਢਕੋਲੀ ਰੋਡ 'ਤੇ ਲਾਪਰਵਾਹੀ ਨਾਲ ਕਾਰ ਚਲਾਉਣ, ਟੱਕਰ ਮਾਰ ਕੇ ਦੂਜੀ ਕਾਰ ਦਾ ਨੁਕਸਾਨ ਕਰਨ ਅਤੇ ਮੋਬਾਈਲ ਖੋਹ ਕੇ ਲੈ ਜਾਣ ਦੇ ਦੋਸ਼ ਹੇਠ ਢਕੋਲੀ ਥਾਣਾ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਧਾਰਾ 279, 379 ਬੀ ਅਤੇ 427 ਅਧੀਨ ਕੇਸ ਦਰਜ ਕਰ ਕਾਬੂ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਇਕ ਔਰਤ ਕਾਰ ਚਾਲਕ ਨੇ ਆਪਣੀ ਕਾਰ ਨਾਲ ਦੂਸਰੀ ਕਾਰ ਦੇ ਪਿੱਛੇ ਟੱਕਰ ਮਾਰੀ ਸੀ। ਇਸ ਸਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕ੍ਰਿਸ਼ਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਢਕੋਲੀ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਦੋਸਤ ਰਵਿੰਦਰ ਸਿੰਘ ਨਾਲ ਬੁੱਧਵਾਰ ਦੀ ਰਾਤ ਢਕੋਲੀ ਮਾਰਕੀਟ ਤੋਂ ਘਰ ਵਾਪਸ ਜਾ ਰਿਹਾ ਸੀ ਕਿ ਇਕ ਕਾਰ ਚਾਲਕ ਸੰਦੀਤਾ ਪਤਨੀ ਰਾਜਵੀਰ ਸਿੰਘ ਹੁੱਡਾ ਵਾਸੀ 701 ਸੈਕਟਰ 27 ਪੰਚਕੂਲਾ ਨੇ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਆਪਣੀ ਕਾਰ ਉਨ੍ਹਾਂ ਦੀ ਕਾਰ ਪਿੱਛੇ ਮਾਰੀ ਜਿਸ ਨਾਲ ਉਨ੍ਹਾਂ ਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ।

ਟੱਕਰ ਤੋਂ ਬਾਅਦ ਉਕਤ ਦੋਸ਼ੀ ਡਰਾਈਵਰ ਆਪਣੀ ਕਾਰ 'ਚੋਂ ਉੱਤਰ ਕੇ ਉਨ੍ਹਾਂ ਨਾਲ ਲੜਾਈ-ਝਗੜਾ ਕਰਨ ਲੱਗ ਪਈ ਅਤੇ ਰਵਿੰਦਰ ਸਿੰਘ ਦਾ ਮੋਬਾਈਲ ਖੋਹ ਕੇ ਲੈ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ਨ ਨੂੰ ਕਾਬੂ ਕਰ ਲਿਆ ਹੈ।

Posted By: Seema Anand