ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸਕੱਤਰ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਚੱਲ ਰਹੀ ਕੇਂਦਰ ਸਰਕਾਰ ਦੇ ਖ਼ਿਲਾਫ਼ 1 ਤੋਂ 8 ਅਪ੍ਰੈਲ ਤਕ ਸੱਤਿਆਗ੍ਰਹਿ ਕਰੇਗੀ, ਜਿਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਪਿੰਡ, ਸ਼ਹਿਰ, ਵਾਰਡ, ਬਲਾਕ ਤੇ ਜ਼ਿਲ੍ਹਾ ਪੱਧਰ ’ਤੇ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਜਾਣੂ ਕਰਵਾਇਆ ਜਾਵੇਗਾ।

ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਹੁਲ ਗਾਂਧੀ ਵੱਲੋਂ ਅਡਾਨੀ ਦੇ ਮੁੱਦੇ ਨੂੰ ਲੈ ਕੇ ਕੀਤੇ ਗਏ ਸਵਾਲਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੌਤਮ ਅਡਾਨੀ ਨਾਲ ਰਿਸ਼ਤਿਆਂ ਬਾਰੇ ਕੀਤੇ ਜਾ ਰਹੇ ਸਵਾਲਾਂ ਤੋਂ ਇੰਨੀ ਡਰ ਗਈ ਹੈ ਕਿ ਉਸਨੇ ਨਾਜਾਇਜ਼ ਢੰਗ ਤਰੀਕੇ ਅਖਤਿਆਰ ਕਰਕੇ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਹੈ ਅਤੇ ਰਾਹੁਲ ਗਾਂਧੀ ਨੂੰ ਘਰ ਖ਼ਾਲੀ ਕਰਨ ਦਾ ਨੋਟਿਸ ਵੀ ਦੇ ਦਿੱਤਾ।

ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਬੀਸੀ ਸੈੱਲ ਦੇ ਚੇਅਰਮੈਨ ਗੁਰਿੰਦਰ ਸਿੰਘ ਬਿੱਲਾ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਖਾਦੀ ਬੋਰਡ ਦੇ ਸਾਬਕਾ ਮੈਂਬਰ ਪੁਸ਼ਪਿੰਦਰ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਦਪਿੰਦਰ ਸਿੰਘ ਢਿੱਲੋਂ ਅਤੇ ਰਿਸ਼ਵ ਜੈਨ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਨਰਪਿੰਦਰ ਸਿੰਘ ਰੰਗੀ, ਸੁੱਚਾ ਸਿੰਘ ਕਲੌੜ ਅਤੇ ਕੁਲਵੰਤ ਸਿੰਘ ਕਲੇਰ (ਦੋਵੇਂ ਕੌਂਸਲਰ, ਮੁਹਾਲੀ), ਰਮਾਕਾਂਤ ਕਾਲੀਆ (ਕੌਂਸਲਰ ਕੁਰਾਲੀ), ਨਵ ਨਿਯੁਕਤ ਜ਼ਿਲ੍ਹਾ ਚੇਅਰਮੈਨ ਰਜਿੰਦਰ ਸਿੰਘ ਧਰਮਗੜ੍ਹ, ਗੁਰਮੀਤ ਸਿੰਘ ਸਿਆਣ ਅਤੇ ਹੋਰ ਆਗੂ ਹਾਜ਼ਰ ਸਨ।

Posted By: Sandip Kaur