ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਫੇਜ਼-1 ਥਾਣਾ ਪੁਲਿਸ ਨੇ ਡੀਏ ਲੀਗਲ ਦੀ ਰਾਏ ਤੋਂ ਬਾਅਦ ਹੋਮਲੈਂਡ ਸੁਸਾਇਟੀ ਸੈਕਟਰ-70 ਵਿਚ ਰਹਿਣ ਵਾਲੇ ਪਤੀ ਦੀਪਕ ਚੋਪੜਾ ਤੇ ਉਸ ਦੀ ਪਤਨੀ ਸੋਨੀਆ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਕੇਸ ਫਾਜ਼ਿਲਕਾ ਵਾਸੀ ਅਜੈ ਨਾਗਪਾਲ ਦੀ ਸ਼ਿਕਾਇਤ 'ਤੇ ਐੱਸਪੀ ਸਿਟੀ-1ਹਰਵਿੰਦਰ ਸਿੰਘ ਵਿਰਕ ਵੱਲੋਂ ਕੀਤੀ ਜਾਂਚ ਦੇ ਆਧਾਰ 'ਤੇ ਆਈਪੀਸੀ ਦੀ ਧਾਰਾ 420,467,468,471 ਅਤੇ 120ਬੀ ਦੇ ਤਹਿਤ ਦਰਜ ਕੀਤਾ ਗਿਆ ਹੈ। ਦੋਵੇਂ ਪਤੀ-ਪਤਨੀ ਅਜੇ ਫ਼ਰਾਰ ਚੱਲ ਰਹੇ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਸ਼ਿਕਾਇਤਕਰਤਾ ਅਜੈ ਨਾਗਪਾਲ ਨੇ ਐੱਸਐੱਸਪੀ ਮੋਹਾਲੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਚੰਡੀਗੜ੍ਹ 'ਚ ਉਨ੍ਹਾਂ ਦੇ ਬੱਚੇ ਸਕੂਲ ਵਿਚ ਪੜ੍ਹਦੇ ਹਨ। ਉਹ ਅਤੇ ਉਸਦਾ ਭਰਾ ਅਮਿਤ ਮੋਹਾਲੀ 'ਚ ਕਿਰਾਏ ਦੀ ਕੋਠੀ ਵੇਖ ਰਹੇ ਸਨ।

ਉਨ੍ਹਾਂ ਨੂੰ ਪਤਾ ਚੱਲਿਆ ਕਿ ਹੋਮਲੈਂਡ ਸੁਸਾਇਟੀ ਵਿਚ ਚੰਗਾ ਫਲੈਟ ਹੈ ਜੋ ਕਿ ਕਿਰਾਏ 'ਤੇ ਮਿਲ ਜਾਵੇਗਾ। ਅਜੇ ਉਹ ਉੱਥੇ ਘੁੰਮ ਰਹੇ ਸਨ ਉਦੋਂ ਉਨ੍ਹਾਂ ਨੂੰ ਦੀਪਕ ਚੋਪੜਾ ਤੇ ਪਤਨੀ ਸੋਨੀਆ ਮਿਲੇ, ਦੋਵਾਂ ਜਣਿਆਂ ਨੇ ਗੱਲਬਾਤ ਸ਼ੁਰੂ ਕਰ ਦਿੱਤੀ। ਗੱਲਾਂ ਗੱਲਾਂ 'ਚ ਦੋਵਾਂ ਜਣਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਇੰਡਸਟਰੀ ਏਰੀਆ ਮੋਹਾਲੀ ਫੇਜ਼-3 'ਚ ਹੀਰੋ ਹੌਂਡਾ ਦੀ ਏਜੰਸੀ ਦੀ ਗੱਲ ਚੱਲ ਰਹੀ ਹੈ, ਜੇ ਉਹ ਚਾਹੁਣ ਤਾਂ ਪਾਰਟਨਰਸ਼ਿਪ 'ਚ ਇੱਥੇ ਏਜੰਸੀ ਖੋਲ੍ਹ ਸਕਦੇ ਹਨ।

ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਅਜੈ ਨੇ ਦੱਸਿਆ ਕਿ ਉਹ ਤੇ ਉਸਦੇ ਭਰਾ ਅਮਿਤ ਨੇ ਘਰ ਜਾ ਕੇ ਇਸ 'ਤੇ ਵਿਚਾਰ ਵਟਾਂਦਰਾ ਕੀਤਾ ਤੇ ਅਖ਼ੀਰ ਭਾਈਵਾਲੀ ਲਈ ਰਾਜ਼ੀ ਹੋ ਗਏ। ਇਸ ਲਈ ਬਕਾਇਦਾ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ ਤੇ ਪਹਿਲਾਂ ਕੰਪਨੀ ਦਾ ਨਾਂ ਮੈਕਰੋ ਗਰੁੱਪ ਪ੍ਰਰਾਈਵੇਟ ਲਿਮੀਟਡ ਪਲਾਟ ਨੰਬਰ ਬੀ-26 ਇੰਡਸਟਰੀ ਏਰੀਆ ਨਜ਼ਦੀਕ ਪੀਟੀਐੱਲ ਫੇਜ਼-3 ਸੀ, ਜਿਸ ਨੂੰ ਕਾਗਜ਼ਾਂ ਵਿਚ ਬਦਲਾ ਗਿਆ ਤੇ ਆਲੀਸ਼ਾਨ ਮੋਟਸ ਤੇ ਬਾਕਾਇਦਾ ਉਨ੍ਹਾਂ ਨੇ ਚੋਪੜਾ ਪਤੀ-ਪਤਨੀ ਦੇ ਕਹਿਣ 'ਤੇ ਢਾਈ ਕਰੋੜ ਦੀ ਬੈਂਕ ਟਰਾਂਜੈਕਸ਼ਨ ਕਰ ਦਿੱਤੀ।

ਕਾਗਜ਼ੀ ਕਾਰਵਾਈ ਵਿਚ ਲਿਖਿਆ ਗਿਆ ਕਿ ਸਾਰੇ ਖਰਚੇ ਕੱਢ ਜੋ ਲਾਭ ਹੋਵੇਗਾ ਉਹ ਦੋਨਾਂ ਪਾਰਟਨਰ 'ਚ 50 ਫੀਸਦੀ ਵੰਡਿਆ ਜਾਵੇਗਾ। ਸਾਰਾ ਕੰਮ ਪੂਰਾ ਕਰਨ ਦੇ ਬਾਅਦ ਜਦੋਂ ਮੈਕਰੋ ਗਰੁੱਪ ਦੇ ਅਕਾਊਂਟ 'ਚ ਕਰੋੜਾਂ ਟਰਾਂਸਫਰ ਹੋ ਗਏ ਤਾਂ ਪਤੀ ਪਤਨੀ ਦਾ ਸਲੂਕ ਬਦਲ ਗਿਆ। ਫੇਰ ਜਦੋਂ ਦੋਵਾਂ ਭਰਾਵਾਂ ਨੇ ਭਾਈਵਾਲੀ ਤੋੜਨ ਅਤੇ ਉਨ੍ਹਾਂ ਦੇ ਢਾਈ ਕਰੋੜ ਵਾਪਸ ਕਰਨ ਦੀ ਗੱਲ ਕਹੀ ਪਰ ਦੋਵੇਂ ਪਤੀ ਪਤਨੀ ਪੁਲਿਸ ਅਫ਼ਸਰਾਂ ਦੇ ਨਾਂ 'ਤੇ ਧਮਕਾਉਣ ਲੱਗੇ। ਉਨ੍ਹਾਂ ਨੇ ਐੱਸਐੱਸਪੀ ਮੋਹਾਲੀ ਨੂੰ ਸ਼ਿਕਾਇਤ ਦਿੱਤੀ ਅਤੇ ਜਾਂਚ ਐੱਸਪੀ ਸਿਟੀ-1 ਹਰਵਿੰਦਰ ਸਿੰਘ ਵਿਰਕ ਨੇ ਕੀਤੀ। ਜਾਂਚ 'ਚ ਉਹ ਸ਼ਿਕਾਇਤ ਠੀਕ ਪਾਈ ਗਈ ਹੈ।