ਸਤਵਿੰਦਰ ਸਿੰਘ ਧੜਾਕ, ਮੋਹਾਲੀ : ਸਿੱਖ ਧਰਮ ਦੀ ਮਹਾਨ ਵਿਰਾਸਤ ਨੂੰ ਸੰਭਾਲੀ ਬੈਠੇ ਖਿੱਤੇ ਪੁਆਧ ਦੀ ਪਛਾਣ ਦਾ ਸੰਕਟ ਸ਼ਾਇਦ ਹੁਣ ਹੱਲ ਹੋ ਜਾਵੇ, ਇਹ ਆਸ ਸੂਬੇ ਦੀ ਸਿਆਸਤ ’ਚ ਹੋਈ ਉਥਲ-ਪੁਥਲ ਤੋਂ ਬਾਅਦ ਜਾਗੀ ਹੈ। ਮੰਨਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ਦੀ ਸੱਤਾ ’ਚ ਸਿਆਸੀ ਕੱਦ ’ਚ ਬੌਣਾ ਪੁਆਧ ਹੁਣ ਕੱਦਾਵਾਰ ਤਾਂ ਹੋ ਹੀ ਗਿਆ, ਸਗੋਂ ਇੱਥੋਂ ਦੇ ਲੋਕਾਂ ਦੀਆਂ ਮੂਲ ਸਮੱਸਿਆਵਾਂ ਦੇ ਹੱਲ ਹੋਣ ਦੀ ਵੀ ਆਸ ਹੈ। ਚੰਨੀ ਦੇ ਪੁਆਧ ਖ਼ਿੱਤੇ ਦੇ ਆਹਲਾ-ਲੀਡਰ ਵਜੋਂ ਉਭਰਨ ਕਰਕੇ ਚਿਰਾਂ ਤੋਂ ਪੰਜਾਬ ਨੂੰ ਤਿੰਨ ਪਾਵਿਆਂ (ਮਾਝਾ, ਮਾਲਵਾ, ਦੁਆਬਾ) ਵਾਲਾ ਮੰਜਾ ਸਮਝਣ ਵਾਲੇ ਲੋਕਾਂ ਨੂੰ ਚੌਥੇ ਪਾਵੇ ਦੀ ਅਹਿਮੀਅਤ ਦਾ ਵੀ ਅਹਿਸਾਸ ਹੋਵੇਗਾ। ਪੰਜਾਬੀ ਸੂਬਾ ਬਣਨ ਵੇਲੇ ਤੋਂ ਹੀ ਇਹ ਖੇਤਰ ਬੁਰੀ ਤਰ੍ਹਾਂ ਅਣਗੌਲਿਆ ਰਿਹਾ ਤੇ ਪੰਜਾਬ ਦੇ ਮਾਨਚਿੱਤਰ ’ਤੇ ਹੋਣ ਦੇ ਬਾਵਜੂਦ ਜੁਝਾਰੂ ਪੱਖ, ਸਿਆਸੀ ਪੱਖ ਤੇ ਆਰਥਿਕ ਪੱਖ ਤੋਂ ਬੁਰੀ ਤਰ੍ਹਾਂ ਪੱਛੜਿਆ ਰਿਹਾ।

ਸਨਅਤਾਂ ਦੀ ਘਾਟ, ਵਿਹਲੇ ਹੋਏ ਨੌਜਵਾਨ

ਦੋ ਦਹਾਕੇ ਪਹਿਲਾਂ ਪੁਆਧ ’ਚ ਬਹੁਤ ਸਾਰੀਆਂ ਵੱਡੀਆਂ ਸਨਅਤਾਂ ਸਨ ਪਰ ਸੱਤਾ ਬਦਲਣ ਤੇ ਲਗਾਤਾਰ ਬਦਲਦੇ ਹਾਲਾਤ ਕਾਰਨ ਜੇਸੀਟੀ, ਪਨਵਾਇਰ, ਪਾਣੀਪੱਤ ਵੂਲਨ ਮਿੱਲ ਖਰੜ ਵਰਗੀਆਂ ਕਈ ਵੱਡੀਆਂ ਸਨਅਤਾਂ ਬੰਦ ਹੋ ਗਈਆਂ। ਇਨ੍ਹਾਂ ਤੋਂ ਇਲਾਵਾ ਆਈਟੀ ਸੈਕਟਰ ’ਚ ਵੱਡਾ ਨਾਂ ਡੈੱਲ ਤੇ ਫਿਲਿਪਸ ਵਰਗੇ ਅਦਾਰੇ ਵੀ ਇਥੋਂ ਰੁਖ਼ਸਤ ਹੋ ਗਏ। ਦਹਾਕਿਆਂ ਪਹਿਲਾਂ ਬੰਦ ਹੋਈਆਂ ਸਨਅਤਾਂ ਨੇ ਇਸ ਖੇਤਰ ਦੇ ਲੋਕਾਂ ਨੂੰ ਨੌਕਰੀਓਂ ਸੱਖਣਾ ਕਰ ਦਿੱਤਾ। ਇਨ੍ਹਾਂ ਤੋਂ ਬਾਅਦ ਪੁਆਧ ’ਚ ਕੋਈ ਵੱਡੀ ਸਨਅਤ ਨਹੀਂ ਲੱਗ ਸਕੀ। ਹੌਜਰੀ ਸਨਅਤ ਦਾ ਗੜ੍ਹ ਲੁਧਿਆਣਾ, ਖੇਡਾਂ ਦੇ ਸਾਮਾਨ ਵਿਚ ਜਲੰਧਰ ਜਦਕਿ ਲੋਹੇ ਦੇ ਕਾਰੋਬਾਰ ਕਾਰਨ ਮੰਡੀ ਗੋਬਿੰਦਗੜ੍ਹ ਨੂੰ ਪਛਾਣ ਮਿਲੀ ਪਰ ਪੁਆਧ ਦੇ ਹਿੱਸੇ ਜੇਕਰ ਕੁਝ ਆਇਆ ਤਾਂ ਉਹ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਜਿੱਥੇ ਸਰਕਾਰੀ ਦਫ਼ਤਰ ਤੇ ਛੋਟੀਆਂ-ਮੋਟੀਆਂ ਸਨਅਤਾਂ ਤਾਂ ਹਨ ਪਰ ਇੱਥੇ ਨੌਕਰੀਆਂ ’ਤੇ ਬਾਹਰਲੇ ਸੂਬਿਆਂ ਦੇ ਕਾਮਿਆਂ ਦਾ ਕਬਜ਼ਾ ਰਿਹਾ ਹੈ।

ਸੱਤਾ ’ਚ ਕੱਦਾਵਰ ਲੀਡਰ ਨਹੀਂ ਰਿਹਾ

ਜੇਕਰ ਗੱਲ ਸਿਆਸਤ ਦੀ ਕਰੀਏ ਤਾਂ ਹੁਣ ਤਕ ਪੰਜਾਬ ਦੇ ਜ਼ਿਆਦਾਤਰ ਮੁੱਖ ਮੰਤਰੀ ਮਾਲਵੇ ਨਾਲ ਸਬੰਧਤ ਰਹੇ ਹਨ, ਜਦਕਿ ਪੁਆਧ ਵਾਂਗ ਮਾਝਾ ਅਤੇ ਦੋਆਬਾ ਸੂਬੇ ਨੂੰ ਮੁੱਖ ਮੰਤਰੀ ਨਹੀਂ ਦੇ ਸਕੇ। ਅਕਾਲੀ ਦਲ ਦੇ ਆਲ੍ਹਾ ਆਗੂ ਮਰਹੂਮ ਕੈਪਟਨ ਕੰਵਲਜੀਤ ਸਿੰਘ ਨੇ ਜ਼ਰੂਰ ਇਸ ਖੇਤਰ ਵਿਚ ਅਪਣੀ ਧਾਕ ਜਮਾਈ ਅਤੇ ਇਨ੍ਹਾਂ ਜ਼ਮੀਨਾਂ ’ਤੇ ਵਸੇ ਲੋਕਾਂ ਦੇ ਹਮਦਰਦ ਬਣ ਕੇ ਉਭਰੇ ਪਰ ਉਨ੍ਹਾਂ ਦੀ ਸੜਕ ਹਾਦਸੇ ’ਚ ਮੌਤ ਮਗਰੋਂ ਇਹ ਇਲਾਕਾ ਫਿਰ ਇਕ ਚੰਗੇ ਲੋਕ ਲੀਡਰ ਤੋਂ ਸੱਖਣਾ ਹੋ ਗਿਆ। ਪੁਆਧ ਇਲਾਕੇ ਦਾ ਲੋਕਸਭਾ ਖੇਤਰ ਆਨੰਦਪੁਰ ਸਾਹਿਬ ਹੈ ਜਿਥੋਂ ਹੁਣ ਤਕ ਕੋਈ ਵੀ ਸਥਾਨਕ ਲੀਡਰ ਸੰਸਦ ਮੈਂਬਰ ਨਹੀਂ ਬਣ ਸਕਿਆ। ਅਕਾਲੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਅਤੇ ਮਨੀਸ਼ ਤਿਵਾੜੀ ਵਰਗੇ ਨੇਤਾ ਸੂਬੇ ਦੇ ਦੂਜੇ ਖਿੱਤਿਆਂ ਤੋਂ ਇੱਥੇ ਚੋਣ ਪਿੜ ’ਚ ਉਤਰੇ ਤੇ ਜਿੱਤ ਗਏ।

ਆਖ਼ਰ ਕਿਉਂ ਹੈ ਪਛਾਣ ਦਾ ਸੰਕਟ

ਸਿੱਖ ਇਤਿਹਾਸ ਦੀਆਂ ਵੱਡੀਆਂ ਜੰਗਾਂ ਪੁਆਧ ’ਚ ਹੀ ਹੋਈਆਂ ਹਨ, ਜਿਨ੍ਹਾਂ ’ਚ ਚੱਪੜਚਿੜੀ, ਚਮਕੌਰ ਸਾਹਿਬ, ਆਨੰਦਪੁਰ ਸਾਹਿਬ ਦੀਆਂ ਮਹਾਨ ਜੰਗਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ, ਮਾਤਾ ਗੁਜ਼ਰੀ ਇੱਥੋਂ ਦੀ ਧਰਤੀ ’ਤੇ ਸ਼ਹੀਦ ਹੋਏ ਹਨ। ਇਸ ਇਲਾਕੇ ’ਚ ਇਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਵਿਚ ਤਾਂ ਕੰਜੂਸੀ ਹੋਈ ਹੀ ਬਲਕਿ ਇਨ੍ਹਾਂ ਦਾ ਪ੍ਰਚਾਰ ਕਰਨ ਤੋਂ ਵੀ ਪੰਜਾਬ ਸਰਕਾਰ ਪੱਛੜੀ ਹੋਈ ਹੈ। ਚੱਪੜਚਿੜੀ ਵਿਖੇ ਇਕ ਯਾਦਗਾਰ ਹੀ ਬਣਾਈ ਗਈ, ਇਸ ਤੋਂ ਇਲਾਵਾ ਬਾਕੀ ਇਤਿਹਾਸਕ ਸਥਾਨ ਇਸ ਮਾਮਲੇ ’ਚ ਬਹੁਤ ਪਿੱਛੇ ਰਹਿ ਗਏ।

ਇਨ੍ਹਾਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ

ਪੁਆਧ ਦੀ ਸਭ ਤੋਂ ਵੱਡੀ ਸਮੱਸਿਆ ਪੀਣ ਯੋਗ ਪਾਣੀ ਦੀ ਹੈ। ਪੀਣਯੋਗ ਪਾਣੀ ਦੀ ਘਾਟ ਕਾਰਨ ਮੋਹਾਲੀ ਤੇ ਨਾਲ ਲੱਗਦੇ ਪਿੰਡ ਪ੍ਰਭਾਵਤ ਹਨ। ਇਸ ਤੋਂ ਇਲਾਵਾ ਘੱਗਰ ਦਰਿਆ ਦਾ ਪਾਣੀ ਹਰ ਸਾਲ ਇਥੋਂ ਦੇ ਕਿਸਾਨਾਂ ਦੀ ਇਕ ਫ਼ਸਲ ਤਬਾਹ ਕਰ ਦਿੰਦਾ ਹੈ। ਇਹੋ ਹਾਲ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਦਾ ਹੈ ਜਿੱਥੇ ਪਾਣੀ ਦੀ ਮਾਰ ਕਰਕੇ ਫਸਲਾਂ ਖ਼ਰਾਬ ਹੋਣ ਦਾ ਸਿਲਸਿਲਾ ਕਾਫੀ ਪੁਰਾਣਾ ਹੈ। ਇਸ ਲਈ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਨ੍ਹਾਂ ਸਮੱਸਿਆਵਾਂ ਵੱਲ ਪਹਿਲ ਦੇ ਆਧਾਰ ’ਤੇ ਸੋਚਣਾ ਪਵੇਗਾ। ਵੱਡਾ ਮਸਲਾ ਪੁਆਧ ਵਿਚੋਂ ਕੱਢੀ ਗਈ ਸਤਲੁਜ ਯਮਨਾ ਲਿੰਕ ਨਹਿਰ ਸਮੇਂ ਐਕਵਾਇਰ ਕੀਤੀ ਗਈ ਜ਼ਮੀਨ ਦਾ ਵੀ ਹੈ, ਜਿਸ ਨੇ ਕਿਸਾਨਾਂ ਦੀਆਂ ਜ਼ਮੀਨਾਂ ਟੋਇਆਂ ’ਚ ਬਦਲ ਦਿੱਤੀਆਂ। ਇਸ ਨਾਲ ਫ਼ਾਇਦਾ ਤਾਂ ਹੋਇਆ ਨਹੀਂ ਬਲਕਿ ਨੀਲ ਗਾਵਾਂ ਤੇ ਜੰਗਲੀ ਸੂਰ ਇੱਥੇ ਮੱਕੀ ਦੀ ਫ਼ਸਲ ਨਹੀਂ ਹੋਣ ਦਿੰਦੇ। ਪੁਆਧ ਦੀ ਕਿਸਾਨੀ ਵੀ ਕੋਈ ਬਹੁਤਾ ਨਾਮਣਾ ਨਹੀਂ ਖੱਟ ਸਕੀ। ਰਵਾਇਤੀ ਫ਼ਸਲਾਂ ਤੋਂ ਇਲਾਵਾ ਉਗਾਈਆਂ ਜਾਂਦੀਆਂ ਸਬਜ਼ੀਆਂ ਜ਼ਾਇਕੇ ਤੇ ਸ਼ਕਲ ਪੱਖੋਂ ਕੋਈ ਜ਼ਿਆਦਾ ਵਧੀਆ ਨਹੀਂ ਹੁੰਦੀਆਂ।

ਨਾ ਕੋਈ ਵੱਡਾ ਸਰਕਾਰੀ ਹਸਪਤਾਲ ਤੇ ਨਾ ਹੀ ਕਾਲਜ-ਯੂਨੀਵਰਸਿਟੀ

ਪੁਆਧ ਇਲਾਕੇ ’ਚ ਕੋਈ ਵੱਡਾ ਸਰਕਾਰੀ ਹਸਪਤਾਲ, ਕਾਲਜ ਜਾਂ ਯੂਨੀਵਰਸਿਟੀ ਨਹੀਂ ਹੈ। ਹਾਲਾਂਕਿ ਨਿੱਜੀ ਸਿੱਖਿਆ ਤੇ ਮੈਡੀਕਲ ਸੰਸਥਾਵਾਂ ਕਾਫ਼ੀ ਬਣ ਚੁੱਕੀਆਂ ਹਨ ਪਰ ਇਨ੍ਹਾਂ ਸੰਸਥਾਵਾਂ ਤੋਂ ਗ਼ਰੀਬ ਤੇ ਆਮ ਲੋਕ ਲਾਭ ਉਠਾਉਣ ਤੋਂ ਕਾਸਰ ਰਿਹਾ ਹੈ। ਪੁਆਧ ਨੂੰ ਹਿਮਾਚਲ ਪ੍ਰਦੇਸ਼ ਦੀਆਂ ਨਜ਼ਦੀਕੀਆਂ ਦਾ ਵੀ ਨੁਕਸਾਨ ਹੋਇਆ ਹੈ। ਮੋਹਾਲੀ ਅਤੇ ਆਸਪਾਸ ਦੇ ਇਲਾਕੇ ਦੀਆਂ ਜ਼ਿਆਦਾਤਰ ਸਨਅਤਾਂ ਬੱਦੀ ਜਦਕਿ ਆਈਟੀ ਸੈਕਟਰ ਗੁਜਰਾਤ ਵੱਲ ਚਾਲੇ ਪਾ ਗਿਆ।

ਮਰ ਰਹੀ ਹੈ ਪੁਆਧੀ ਭਾਸ਼ਾ, ਕਿਸੇ ਯੂਨੀਵਰਸਿਟੀ ’ਚ ਵੀ ਨਹੀਂ ਜ਼ਿਕਰ

ਪੰਜਾਬ ਦੀ ਰਾਜਧਾਨੀ ਹਾਲਾਂਕਿ ਪੁਆਧ ਦੇ ਪਿੰਡਾਂ ਵਿਚੋਂ ਨਿਕਲੀ ਤੇ ਪੰਜਾਬ ਸਰਕਾਰ ਦੇ ਜ਼ਿਆਦਾਤਰ ਵਿਭਾਗਾਂ ਦੇ ਮੁੱਖ ਦਫ਼ਤਰ ਇੱਥੇ ਜ਼ਰੂਰ ਹਨ ਪਰ ਅਸੀਂ ਚੰਡੀਗੜ੍ਹ ਵਿਚ ਨਾ ਪੁਆਧੀ ਭਾਸ਼ਾ ਲਾਗੂ ਕਰ ਸਕੇ ਅਤੇ ਨ ਹੀ ਪੰਜਾਬੀ ਭਾਸ਼ਾ ਹੀ ਲਾਗੂ ਕਰ ਸਕੇ। ਯੂਨੀਵਰਸਿਟੀਆਂ ਵਿਚ ਹਮੇਸ਼ਾ ਮਾਝੀ, ਮਲਵਈ ਅਤੇ ਦੁਆਬੀ ਦਾ ਹੀ ਜ਼ਿਕਰ ਕੀਤਾ ਹੁੰਦਾ ਹੈ ਪਰ ਪੁਆਧੀ ਬਾਰੇ ਕੋਈ ਵੱਡਾ ਕਿਤਾਬਚਾ ਜਾਂ ਖੋਜ ਕਾਰਜਾਂ ਤੋਂ ਯੂਨੀਵਰਸਿਟੀਆਂ ਤੇ ਸਾਡੇ ਭਾਸ਼ਾ ਵਿਗਿਆਨੀ ਟਾਲ਼ਾ ਵੱਟ ਰਹੇ ਹਨ। ਇਕਾ-ਦੁੱਕਾ ਕਿਤਾਬ ਨੂੰ ਛੱਡ ਦਈਏ ਤਾਂ ਪੁਆਧੀ ਉਪ-ਭਾਸ਼ਾ ਵਿਚ ਸਾਹਿਤ ਦੀ ਵੀ ਘਾਟ ਹੈ। ਇਥੋਂ ਦੇ ਲੋਕ ਵੀ ਪੁਆਧੀ ਬੋਲਣ ਵੇਲੇ ਸ਼ਰਮ ਮਹਿਸੂਸ ਕਰਦੇ ਹਨ। ਹੁਣ ਜਦੋਂ ਚਰਨਜੀਤ ਸਿੰਘ ਚੰਨੀ ਪੁਆਧੀ ਬੋਲੀ ’ਚ ਭਾਸ਼ਣ ਦਿੰਦੇ ਹਨ ਤਾਂ ਆਸ-ਉਮੀਦਾਂ ਜਾਗੀਆਂ ਹਨ ਕਿ ਸਮੱਸਿਆਵਾਂ ਵੀ ਹੱਲ ਹੋਣਗੀਆਂ ਤੇ ਪੰਜਾਬ ਦੇ ਮਾਨਚਿੱਤਰ ’ਤੇ ਇਸ ਖ਼ਿੱਤੇ ਨੂੰ ਬਣਦੀ ਪਛਾਣ ਜ਼ਰੂਰ ਮਿਲੇਗੀ।

Posted By: Ravneet Kaur