ਜਾਸੰ., ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ (Chandigarh University) ਵੀਡੀਓ ਲੀਕ ਮਾਮਲੇ ਵਿੱਚ ਰੰਕਜ ਨੂੰ ਵੀਰਵਾਰ ਨੂੰ ਜ਼ਮਾਨਤ ਮਿਲ ਗਈ ਹੈ। ਖਰੜ ਦੀ ਅਦਾਲਤ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨਿਧੀ ਸੈਣੀ ਦੀ ਅਦਾਲਤ ਵਿੱਚ ਰੰਕਜ ਵਰਮਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਈ। ਅਦਾਲਤ ਨੇ ਇਕ ਲੱਖ ਰੁਪਏ ਦੇ ਜ਼ਮਾਨਤ ਮੁਚੱਲਕੇ 'ਤੇ ਰੰਕਜ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ।

ਰੰਕਜ ਵਰਮਾ ਦੇ ਵਕੀਲ ਹਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਬਹਿਸ ਖ਼ਤਮ ਹੋ ਗਈਆਂ। ਅਦਾਲਤ ਨੇ 6 ਅਕਤੂਬਰ ਤਕ ਜ਼ਮਾਨਤ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਐਡਵੋਕੇਟ ਜੌਹਲ ਨੇ ਦੱਸਿਆ ਕਿ ਉਸ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਸੀ ਕਿ ਰੰਕਜ ਨੇ 18 ਸਤੰਬਰ ਨੂੰ ਸ਼ਿਮਲਾ ਦੇ ਧੌਲੀ ਥਾਣੇ ਵਿੱਚ ਆਪਣੀ ਫੋਟੋ ਦੀ ਵਰਤੋਂ ਕਰਨ ਬਾਰੇ ਡੀਡੀਆਰ ਦਰਜ ਕਰਵਾਈ ਸੀ ਅਤੇ ਉਹ ਪੁਲਿਸ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਸੀ ਪਰ ਮੁਹਾਲੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਰੰਕਜ ਨੂੰ 41ਏ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ, ਜੋ ਪੁਲਿਸ ਨੇ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੇਸਾਂ ਵਿੱਚ ਸੱਤ ਸਾਲ ਤੋਂ ਘੱਟ ਦੀ ਸਜ਼ਾ ਦੀ ਵਿਵਸਥਾ ਹੈ ਅਤੇ ਜੋ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ, ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਪੁਲਿਸ ਨੂੰ 41ਏ ਦਾ ਨੋਟਿਸ ਦੇਣਾ ਪੈਂਦਾ ਹੈ ਜੋ ਪੁਲਿਸ ਨੇ ਨਹੀਂ ਦਿੱਤਾ।

ਇਸ ਤੋਂ ਇਲਾਵਾ ਉਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਫੌਜੀ ਸੰਜੀਵ ਸਿੰਘ ਨੇ ਵੀ ਅਦਾਲਤ ਵਿੱਚ ਕਬੂਲ ਕੀਤਾ ਸੀ ਕਿ ਰੰਕਜ ਬੇਕਸੂਰ ਹੈ ਅਤੇ ਮੁਲਜ਼ਮ ਵਿਦਿਆਰਥੀ ਨੇ ਉਸ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਵਿਦਿਆਰਥੀ ਦੇ ਮੋਬਾਈਲ ਦੀ ਫੋਰੈਂਸਿਕ ਰਿਪੋਰਟ ਪੁਲਿਸ ਨੂੰ ਮਿਲ ਗਈ ਹੈ, ਜਿਸ ਵਿੱਚ ਵਿਦਿਆਰਥਣ ਦੀ ਸਿਰਫ਼ ਵੀਡੀਓ ਅਤੇ ਫੋਟੋਆਂ ਹੀ ਬਰਾਮਦ ਹੋਈਆਂ ਹਨ, ਜਦੋਂਕਿ ਕਿਸੇ ਹੋਰ ਵਿਦਿਆਰਥੀ ਦੀ ਫੋਟੋ ਅਤੇ ਵੀਡੀਓ ਨਹੀਂ ਮਿਲੀ ਹੈ।

ਜ਼ਿਕਰਯੋਗ ਹੈ ਕਿ ਮੁਲਜ਼ਮ ਫ਼ੌਜੀ ਜਵਾਨ ਸੰਜੀਵ ਸਿੰਘ ਨੂੰ ਵੀ ਅੱਜ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮੁਲਜ਼ਮ ਵਿਦਿਆਰਥਣ ਅਤੇ ਉਸ ਦੇ ਪ੍ਰੇਮੀ ਸੰਨੀ ਮਹਿਤਾ ਵਾਸੀ ਸ਼ਿਮਲਾ ਦੇ ਰੋਹੜੂ ਨੂੰ ਪਹਿਲਾਂ ਹੀ ਜੇਲ੍ਹ ਭੇਜ ਦਿੱਤਾ ਹੈ।

Posted By: Jagjit Singh