ਮੋਹਾਲੀ, ਜੇਐੱਨਐੱਨ : ਮੋਹਾਲੀ ਦੇ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਸੂਬਾ ਸਰਕਾਰ 'ਚ ਸਿਹਤ ਮੰਤਰੀ ਹਨ ਪਰ ਜ਼ਿਲ੍ਹੇ ਦੀਆਂ ਸਿਹਤ ਸਹੂਲਤਾਂ ਦਾ ਬਹੁਤ ਬੁਰਾ ਹਾਲ ਹੈ। ਜ਼ਿਲ੍ਹਾ ਮੋਹਾਲੀ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ। ਇਸ ਗੱਲ ਦਾ ਖ਼ੁਲਾਸਾ ਕੇਂਦਰ ਦੀ ਤਿੰਨ ਮੈਂਬਰੀ ਟੀਮ ਨੇ ਕੀਤਾ ਹੈ।

ਕੇਂਦਰੀ ਟੀਮ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੋਹਾਲੀ 'ਚ ਸੀ।ਟੀਮ ਨੇ ਮਹਾਮਾਰੀ ਨੂੰ ਸੰਭਾਲਣ 'ਚ ਪ੍ਰਸ਼ਾਸਨ ਵੱਲੋਂ ਕਈ ਕਮੀਆਂ ਨੂੰ ਉਜਾਗਰ ਕੀਤਾ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੋਹਾਲੀ ਦੇ ਗੰਭੀਰ ਮਰੀਜ਼ਾਂ ਨੂੰ ਚੰਡੀਗਡ਼੍ਹ ਦੇ ਹਸਪਤਾਲਾਂ 'ਚ ਇਲਾਜ ਮਿਲ ਸਕੇ ਇਸ ਮੁੱਦੇ ਪੀਐਮਓ ਦੇ ਸਾਹਮਣੇ ਉਠਾਇਆ ਹੈ।ਜਵਾਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੋਹਾਲੀ 'ਚ ਪਿਛਲੇ ਛੇ ਹਫ਼ਤਿਆਂ 'ਚ ਲਗਪਗ 12,500 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਕੋਵਿਡ ਕਾਰਨ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਕੱਲੇ ਅਪ੍ਰੈਲ ਵਿਚ ਹੀ ਮੋਹਾਲੀ ਸ਼ਹਿਰ ਤੇ ਜ਼ੀਰਕਪੁਰ ਦੇ ਢਕੋਲੀ 'ਚ 1200 ਮਾਮਲੇ ਸਾਹਮਣੇ ਆਏ ਸਨ। ਮੋਹਾਲੀ 'ਚ ਹਰ ਰੋਜ਼ ਤਿੰਨ ਸੌ ਤੋਂ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਹਨ। ਟੀਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਡੀਸੀ ਮੋਹਾਲੀ ਗਿਰੀਸ਼ ਦਿਆਲਨ ਨੂੰ ਸੌਂਪੀ ਗਈ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਜ਼ਿਲ੍ਹੇ 'ਚ ਵੈਂਟੀਲੇਟਰਾਂ ਦੀ ਕੋਈ ਸਰਕਾਰੀ ਸਹੂਲਤ ਨਹੀਂ ਹੈ। ਯਾਦ ਰਹੇ ਕਿ ਮੋਹਾਲੀ ਦੇ ਸਰਕਾਰੀ ਹਸਪਤਾਲ 'ਚ ਇਕੋ ਵੈਂਟੀਲੇਟਰ ਸੀ। ਇਸ ਦੀ ਗਿਣਤੀ ਵਧਾਉਣ ਲਈ ਲੱਖਾਂ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਪਰ ਵੈਂਟੀਲੇਟਰਾਂ ਦੀ ਅਜੇ ਤਕ ਖਰੀਦ ਨਹੀਂ ਕੀਤੀ ਗਈ ਹੈ। ਮੋਹਾਲੀ 'ਚ ਬਹੁਤ ਕਈ ਨਿੱਜੀ ਹਸਪਤਾਲ ਹਨ ਪਰ ਮਰੀਜ਼ਾਂ ਨੂੰ ਉਥੇ ਜਗ੍ਹਾ ਨਹੀਂ ਮਿਲ ਰਹੀ। ਜੇਕਰ ਹਾਲਤ ਖਰਾਬ ਹੋਏ ਤਾਂ ਜ਼ਿਲ੍ਹੇ 'ਚ ਸਥਿਤੀ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।

ਕੇਂਦਰੀ ਟੀਮ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਿਹਤ ਵਿਭਾਗ ਨੇ ਇਸ ਤਰ੍ਹਾਂ ਦੀ ਸਹੂਲਤ ਵਿਕਸਿਤ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਮੈਨਪਾਵਰ ਦੀ ਵੀ ਕਮੀ ਹੈ।ਸਾਰੇ ਗੰਭੀਰ ਮਰੀਜ਼ਾਂ ਨੂੰ ਪਟਿਆਲਾ ਭੇਜਿਆ ਜਾ ਰਿਹਾ ਹੈ। ਸੰਕ੍ਰਮਣ ਫੈਲਣ ਤੋਂ ਰੋਕਣ ਲਈ ਜ਼ਮੀਨੀ ਪੱਧਰ 'ਤੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ।ਜਿੱਥੋਂ ਤਕ ਸਕਾਰਾਤਮਕ ਮਰੀਜ਼ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਟ੍ਰੈਸਿੰਗ ਨਹੀਂ ਕੀਤੀ ਜਾ ਰਹੀ।

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਪ੍ਰਸ਼ਾਸਨ ਨੇ ਟੀਮ ਵੱਲੋਂ ਉਠਾਏ ਵੱਖ ਵੱਖ ਮੁੱਦਿਆਂ ‘ਤੇ ਪ੍ਰਤੀਕਿਰਿਆ ਦਿੱਤੀ ਹੈ।ਜਿੱਥੋਂ ਤਕ ਗੰਭੀਰ ਮਰੀਜ਼ਾਂ ਦੀ ਸਹੂਲਤ ਦਾ ਸਬੰਧ ਹੈ। ਮੋਹਾਲੀ ਦੇ ਸਿਵਲ ਹਸਪਤਾਲ ਦੀ ਉਸਾਰੀ ਚੱਲ ਰਹੀ ਹੈ। ਜ਼ਿਲ੍ਹਾ ਨੂੰ ਅਜਿਹੇ ਮਾਮਲਿਆਂ ਦੇ ਸੰਦਰਭਾ 'ਚ ਪਟਿਆਲਾ ਨਾਲ ਮੈਪ ਕੀਤਾ ਗਿਆ ਹੈ। ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਬੈੱਡਾਂ ਦੀ ਸਮਰੱਥਾ ਵਧਾਉਣ ਲਈ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਨੂੰ ਵੀ ਨਿਰਦੇਸ਼ਿਤ ਕੀਤਾ ਹੈ। ਦਿਆਲਨ ਨੇ ਕਿਹਾ ਕਿ ਚੰਡੀਗੜ੍ਹ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੇ ਇਲਾਜ ਦਾ ਮੁੱਦਾ ਪੀਐਮਓ ਦੇ ਸਾਹਮਣੇ ਰੱਖਿਆ ਗਿਆ ਹੈ। ਕੋਰੋਨਾ ਦਾ ਇਲਾਜ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।

Posted By: Ravneet Kaur