ਸਤਵਿੰਦਰ ਸਿੰਘ ਧੜਾਕ, ਮੋਹਾਲੀ : ਕੋਵਿਡ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਵੀਂ, ਅੱਠਵੀਂ ਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰੀਖਿਆਵਾਂ ਦੇ ਅਗਲੀਆਂ ਕਲਾਸਾਂ 'ਚ ਪ੍ਰਮੋਟ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ, ਜੋ ਪਹਿਲਾਂ ਹੀ ਮੁਲਤਵੀ ਹੋ ਚੁੱਕੀਆਂ ਹਨ, ਬਾਰੇ ਫੈਸਲਾ ਬਾਅਦ 'ਚ ਉਭਰ ਰਹੀ ਸਥਿਤੀ ਦੇ ਆਧਾਰ 'ਤੇ ਲਿਆ ਜਾਵੇਗਾ। ਮੁੱਖ ਮੰਤਰੀ ਨੇ ਇਹ ਫ਼ੈਸਲੇ ਸਿਖਰਲੇ ਅਧਿਕਾਰੀਆਂ ਤੇ ਮੈਡੀਕਲ ਮਾਹਰਾਂ ਨਾਲ ਕੋਵਿਡ ਦਾ ਜਾਇਜ਼ਾ ਲੈਣ ਲਈ ਹੋਈ ਵਰਚੂਅਲ ਮੀਟਿੰਗ ਦੌਰਾਨ ਲਏ। ਮੁੱਖ ਮੰਤਰੀ ਨੇ ਕਿਹਾ ਕਿ 30 ਅਪ੍ਰੈਲ ਤਕ ਸੂਬਾ ਸਰਕਾਰ ਨੇ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਸਦਕਾ 11-20 ਸਾਲ ਉਮਰ ਵਰਗ 'ਚ ਪਾਜ਼ੇਟੀਵਿਟੀ ਦੀ ਦਰ ਹੇਠਾਂ ਲਿਆਉਣ ਦੇ ਨਾਲ-ਨਾਲ ਇਹ ਰਾਹਤ ਪ੍ਰੀਖਿਆਵਾਂ ਲਈ ਜਾਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਵੀ ਦੇਣ ਦੀ ਲੋੜ ਸੀ।

ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ ਕਿ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਪੰਜ ਵਿਸ਼ਿਆਂ 'ਚੋਂ 4 ਵਿਸ਼ਿਆਂ ਲਈ ਇਮਤਿਹਾਨ ਪਹਿਲਾਂ ਦੇ ਹੋ ਚੁੱਕੇ ਹਨ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਵੇਂ ਵਿਸ਼ੇ ਨੂੰ ਅਣਡਿੱਠ ਕਰਕੇ ਚਾਰ ਵਿਸ਼ਿਆਂ 'ਚ ਵਿਦਿਆਰਥੀਆਂ ਵੱਲੋਂ ਹਾਸਲ ਕੀਤੇ ਅੰਕਾਂ ਦੇ ਆਧਾਰ 'ਤੇ ਨਤੀਜੇ ਐਲਾਨ ਕਰ ਸਕਦਾ ਹੈ। ਇਸੇ ਤਰ੍ਹਾਂ ਅੱਠਵੀਂ ਤੇ ਦਸਵੀਂ ਜਮਾਤ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਜਾਂ ਸਬੰਧਤ ਸਕੂਲਾਂ ਵੱਲੋਂ ਆਪਣੇ ਤੌਰ 'ਤੇ ਲਏ ਗਏ ਇਮਤਿਹਾਨਾਂ ਦੇ ਆਧਾਰ 'ਤੇ ਨਤੀਜਾ ਐਲਾਨਿਆ ਜਾ ਸਕਦਾ ਹੈ।

ਮੁੱਖ ਮੰਤਰੀ, ਜਿਨ੍ਹਾਂ ਨੇ ਇਸ ਸਬੰਧ ਵਿੱਚ ਕੇਂਦਰੀ ਸਿੱਖਿਆ ਮੰਤਰੀ ਨੂੰ ਇਸੇ ਹਫ਼ਤੇ ਪੱਤਰ ਲਿਖਿਆ ਸੀ, ਨੇ ਮਹਾਮਾਰੀ ਦੇ ਮੱਦੇਨਜ਼ਰ ਸੀਬੀਐੱਸਈ ਦੀਆਂ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਤੇ ਸੀਬੀਐਸਈ ਦੀਆਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਬਾਰੇ ਕੇਂਦਰ ਦੇ ਫੈਸਲੇ 'ਤੇ ਤਸੱਲੀ ਜ਼ਾਹਰ ਕੀਤੀ। ਮੀਟਿੰਗ 'ਚ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਸਕੱਤਰ ਵਿਨੀ ਮਹਾਜਨ, ਡੀਜੀਪੀ ਦਿਨਕਰ ਗੁਪਤਾ ਵੀ ਹਾਜ਼ਰ ਸਨ।

Posted By: Amita Verma