ਸਤਵਿੰਦਰ ਸਿੰਘ ਧੜਾਕ, ਮੋਹਾਲੀ : ਕਿਸੇ ਵੀ ਜੰਗ 'ਚ ਸਾਰੇ ਹੀ ਫ਼ੌਜੀ ਸਰਹੱਦ 'ਤੇ ਤਾਇਨਾਤ ਨਹੀਂ ਹੁੰਦੇ। ਜੰਗ ਦੀ ਤਿਆਰੀ ਕਰਨ, ਰਣਨੀਤੀ ਘੜਨ ਅਤੇ ਜੰਗ ਨੂੰ ਅੰਜਾਮ 'ਤੇ ਪਹੁੰਚਾਉਣ 'ਚ ਪਿੱਛੇ ਰਹਿ ਕੇ ਮੋਰਚਾ ਸੰਭਾਲਣ ਵਾਲੇ ਵੀ ਕਈ ਯੋਧੇ ਹੁੰਦੇ ਹਨ। ਅਜਿਹਾ ਹੀ 'ਕੋਰੋਨਾ' ਯੋਧਾ ਹੈ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਦਾ ਨਿੱਜੀ ਸਹਾਇਕ ਭੁਪਿੰਦਰ ਸਿੰਘ ਡਾਹਰੀ। ਉਸ ਦਾ ਅਹੁਦਾ ਭਾਵੇਂ ਹੈਲਥ ਇੰਸਪੈਕਟਰ ਦਾ ਹੈ ਪਰ ਉਹ ਸਿਵਲ ਸਰਜਨ ਨਾਲ ਹਰ ਪਲ ਰਹਿੰਦਿਆਂ 'ਕੋਰੋਨਾ ਵਾਇਰਸ' ਵਿਰੁੱਧ ਜੰਗ ਵਿਚ ਦਿਨ-ਰਾਤ ਡਟਿਆ ਹੋਇਆ ਹੈ। 20 ਮਾਰਚ ਨੂੰ ਮੋਹਾਲੀ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ, ਉਸ ਤੋਂ ਕਈ ਦਿਨ ਪਹਿਲਾਂ ਹੀ ਉਹ ਆਪਣੇ ਅਧਿਕਾਰੀ ਦੀ ਅਗਵਾਈ ਹੇਠ ਮੈਦਾਨ ਵਿਚ ਡਟ ਗਿਆ ਸੀ। ਕਾਬਲੇਗ਼ੌਰ ਹੈ ਕਿ ਉਸ ਨੇ 17 ਮਾਰਚ ਤੋਂ ਲੈ ਕੇ ਅੱਜ ਤਕ ਦਫ਼ਤਰੋਂ ਇਕ ਵੀ ਛੁੱਟੀ ਨਹੀਂ ਕੀਤੀ। ਆਪਣੇ ਅਫ਼ਸਰ ਦੇ ਹੁਕਮਾਂ ਦੀ ਫ਼ੌਰੀ ਤਾਮੀਲ, ਉਸ ਨੂੰ ਸਲਾਹ ਦੇਣਾ ਅਤੇ ਉਸ ਦੇ ਪਲ-ਪਲ ਆਉਂਦੇ ਫ਼ੋਨਾਂ ਨੂੰ ਸੁਣਨਾ ਤੇ ਅਮਲ ਕਰਨਾ ਉਸ ਦੇ ਅਹਿਮ ਕੰਮਾਂ ਵਿਚ ਸ਼ਾਮਲ ਹਨ। ਭਾਵੇਂ ਉਸ ਦਾ ਅਹੁਦਾ ਹੈਲਥ ਇੰਸਪੈਕਟਰ (ਐਚ.ਆਈ.) ਦਾ ਹੈ ਪਰ ਉਸ ਦੇ ਕੰਮ ਦਾ ਦਾਇਰਾ ਕਾਫ਼ੀ ਵਸੀਹ ਹੈ। ਭਾਵੇਂ ਗੱਲ ਸਿਹਤ ਕਾਮਿਆਂ ਨੂੰ ਮੈਦਾਨ ਵਿਚ ਭੇਜਣ ਦੀ ਹੋਵੇ, ਮੈਦਾਨ ਵਿਚ ਡਟੇ ਹੋਏ 'ਕੋਰੋਨਾ ਯੋਧਿਆਂ' ਤਕ ਪੀਪੀਈ ਕਿੱਟਾਂ, ਮਾਸਕ, ਦਸਤਾਨੇ, ਸੈਨੇਟਾਈਜ਼ਰ ਪਹੁੰਚਾਉਣ, ਕੋਈ ਵੀ ਨਵਾਂ ਕੇਸ ਆਉਣ 'ਤੇ ਉਸ ਦੇ ਸੰਪਰਕਾਂ ਨੂੰ ਲੱਭਣ, ਸ਼ੱਕੀ ਮਰੀਜ਼ਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਕਰਾਉਣ ਲਈ ਯੋਜਨਾਬੰਦੀ ਆਦਿ ਅਜਿਹੇ ਕੰਮ ਹਨ ਜਿਨਾਂ ਨੂੰ ਸਿਰੇ ਚਾੜਨ ਵਿਚ ਉਹ ਮੋਹਰੀ ਰੋਲ ਅਦਾ ਕਰ ਰਿਹਾ ਹੈ। ਭੁਪਿੰਦਰ ਕਹਿੰਦਾ ਹੈ, 'ਜਿਸ ਦਿਨ ਤੋਂ ਇਹ ਬਿਮਾਰੀ ਸ਼ੁਰੂ ਹੋਈ, ਉਸ ਦਿਨ ਤੋਂ ਅਫ਼ਸਰਾਂ ਨਾਲ ਦਿਨ ਰਾਤ ਡਟਿਆ ਹੋਇਆ ਹਾਂ। ਘਰ ਜਾਣ ਦਾ ਕੋਈ ਸਮਾਂ ਨਹੀਂ। ਘਰ ਜਾ ਕੇ ਵੀ ਫ਼ੋਨ ਚਾਲੂ ਹੀ ਰਹਿੰਦਾ ਹੈ। ਪਰ ਮੈਂ ਕਦੇ ਵੀ ਮਹਿਸੂਸ ਨਹੀਂ ਕੀਤਾ ਕਿ ਮੈਨੂੰ ਵੀ ਹੋਰ ਕਈਆਂ ਵਾਂਗ ਆਰਾਮ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਇੰਨੀ ਪ੍ਰੇਸ਼ਾਨੀ ਝੱਲਣ ਦੀ ਲੋੜ ਕੀ ਹੈ। ਇਹ ਦੌਰ ਦੇਸ਼ ਸੇਵਾ ਦਾ ਹੈ ਅਤੇ ਅਜਿਹੇ ਸਮੇਂ ਕਿਸੇ ਨੂੰ ਵੀ ਪਿੱਛੇ ਨਹੀਂ ਹੱਟਣਾ ਚਾਹੀਦਾ ਸਗੋਂ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਹੈ।'

ਇਕੱਲਾ ਕੋਈ ਵੱਡਾ ਨਹੀਂ ਹੁੰਦਾ

ਸਿਵਲ ਸਰਜਨ ਦਫ਼ਤਰ ਦੇ ਪੱਧਰ 'ਤੇ ਕੋਵਿਡ-19 ਨਾਲ ਸਬੰਧਿਤ ਸਮੁੱਚਾ ਪ੍ਰਬੰਧ ਸੰਭਾਲਣਾ ਅਤੇ ਕੰਮ-ਕਾਰ ਨੂੰ ਚੱਲਦਾ ਰੱਖਣਾ ਉਸ ਦੇ ਜ਼ਿੰਮੇ ਹੈ। ਇਸ ਦੌਰਾਨ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਅਾਪਣੀ ਪੇਸ਼ੇਵਾਰਾਨਾ ਕਾਬਲੀਅਤ ਅਤੇ ਸੂਝ-ਬੂਝ ਨਾਲ ਤੁਰੰਤ ਚੀਜ਼ਾਂ ਠੀਕ ਕਰ ਦਿੰਦਾ ਹੈ। ਉਹ ਕਹਿੰਦਾ ਹੈ, 'ਕਿਸੇ ਵੀ ਕੰਮ ਵਿਚ ਕੋਈ ਇਕੱਲਾ ਵੱਡਾ ਨਹੀਂ ਹੁੰਦਾ। ਇਹ ਟੀਮ ਵਰਕ ਹੁੰਦਾ ਹੈ। ਇਹ ਅਧਿਕਾਰੀਆਂ 'ਤੇ ਨਿਰਭਰ ਹੈ ਕਿ ਉਹ ਤੁਹਾਡੀ ਕਾਬਲੀਅਤ ਨੂੰ ਕਿਵੇਂ ਵੇਖਦੇ ਹਨ ਅਤੇ ਕਿਵੇਂ ਵਰਤਦੇ ਹਨ। ਮੈਨੂੰ ਖ਼ੁਸ਼ੀ ਅਤੇ ਮਾਣ ਹੈ ਕਿ ਮੈਨੂੰ ਜ਼ਿਲ੍ਹੇ ਵਿਚ ਸਿਵਲ ਸਰਜਨ ਡਾ. ਮਨਜੀਤ ਸਿੰਘ ਤੋਂ ਇਲਾਵਾ ਹੋਰ ਕਈ ਇਮਾਨਦਾਰ ਅਤੇ ਮਿਹਨਤੀ ਅਫ਼ਸਰਾਂ ਨਾਲ ਕੰਮ ਕਰਨਾ ਦਾ ਮੌਕਾ ਮਿਲਿਆ ਹੈ। ਉਨਾਂ ਕੋਲੋਂ ਕਾਫ਼ੀ ਕੁਝ ਸਿੱਖਿਆ ਹੈ।'

Posted By: Susheel Khanna