ਮਹਿਰਾ, ਖਰੜ : ਇਕ ਨਿੱਜੀ ਵੈੱਬਸਾਈਟ ਦੇ ਕੈਮਰਾਮੈਨ ਮੀਡੀਆ ਕਰਮੀ ਦੀ ਪਤਨੀ 'ਤੇ ਇਕ ਔਰਤ ਨੇ ਜਾਨਲੇਵਾ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮੀਡੀਆ ਕਰਮੀ ਨੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਨਾਲ ਉਨ੍ਹਾਂ ਦੀ ਗੁਆਂਢਣ ਦਾ ਗਲ਼ੀ 'ਚ ਪਾਣੀ ਸੁੱਟਣ ਨੂੰ ਲੈ ਕੇ ਆਏ ਦਿਨ ਝਗੜਾ ਹੁੰਦਾ ਰਹਿੰਦਾ ਹੈ। ਬੀਤੇ ਦਿਨੀਂ ਉਕਤ ਔਰਤ ਨੇ ਉਸ ਦੇ ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਵਰਤੇ ਸਨ ਜਿਸ ਕਾਰਨ ਇਹ ਸਾਰਾ ਮਾਮਲਾ ਥਾਣਾ ਸਦਰ 'ਚ ਚੱਲ ਰਿਹਾ ਹੈ ਪਰੰਤੂ ਜਦੋਂ ਉਨ੍ਹਾਂ ਦੀ ਪਤਨੀ ਆਪਣੇ ਪੇਕੇ ਘਰ ਬੀਤੇ ਦਿਨੀਂ ਆਈ ਹੋਈ ਸੀ ਤਾਂ ਫਿਰ ਇਹ ਝਗੜਾ ਭਖ ਗਿਆ।

ਇਸੇ ਦੌਰਾਨ ਉਕਤ ਔਰਤ ਨੇ ਆਪਣੀ ਛੱਤ 'ਤੇ ਪਿਆ ਗਮਲਾ ਉਨ੍ਹਾਂ ਦੇ ਸਹੁਰੇ 'ਤੇ ਵਗਾਹ ਮਾਰਿਆ ਜੋ ਕਿ ਉਨ੍ਹਾਂ ਦੀ ਪਤਨੀ ਦੇ ਸਿਰ 'ਤੇ ਆਣ ਵੱਜਾ। ਉਸ ਨੂੰ ਫੌਰੀ ਸਿਵਲ ਹਸਪਤਾਲ ਖਰੜ ਵਿਖੇ ਲਿਜਾਂਦਾ ਗਿਆ ਜਿੱਥੇ ਉਸ ਦੇ ਸਿਰ ਵਿਚ ਅੱਖ ਦੇ ਕੋਲ 12 ਟਾਂਕੇ ਲਗਾਏ ਗਏ ਹਨ। ਮੀਡੀਆ ਕਰਮੀ ਨੇ ਦੋਸ਼ ਲਗਾਇਆ ਕਿ ਉਕਤ ਔਰਤ ਜਾਤੀ ਸੂਚਕ ਸ਼ਬਦ ਬੋਲਦੀ ਹੈ ਤੇ ਜਿਸ ਨੂੰ ਲੈ ਕੇ ਆਏ ਦਿਨ ਝਗੜਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਪੇਸ਼ੇ ਵਜੋਂ ਵਕੀਲ ਹੈ ਤੇ ਆਪਣੇ ਰੁਤਬੇ ਦਾ ਰੋਹਬ ਵੀ ਮਾਰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੇ ਸਹੁਰਾ ਪਰਿਵਾਰ ਨੇ ਥਾਣਾ ਸਦਰ ਵਿਖੇ 30 ਜੁਲਾਈ 2020 ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਪਰੰਤੂ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ।

Posted By: Seema Anand